ਬਾਲਗ ਜੋੜੇ ਨੂੰ ਅਪਣੀ ਮਰਜ਼ੀ ਨਾਲ ਜਿਉਣ ਦਾ ਹੱਕ, ਕੋਈ ਨਹੀਂ ਦੇ ਸਕਦਾ ਦਖਲ - ਇਲਾਹਬਾਦ HC

ਏਜੰਸੀ

ਖ਼ਬਰਾਂ, ਰਾਸ਼ਟਰੀ

ਇਲਾਹਬਾਦ ਹਾਈ ਕੋਰਟ ਦਾ ਫੈਸਲਾ

Allahabad HC

ਇਲਾਹਾਬਾਦ: ਉੱਤਰ ਪ੍ਰਦੇਸ਼ ਸਰਕਾਰ ਨੇ ਲਵ ਜਿਹਾਦ ਕਾਨੂੰਨ ਲਾਗੂ ਕਰ ਦਿੱਤਾ ਹੈ। ਪਰ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਲੈ ਕੇ ਇਲਾਹਬਾਦ ਹਾਈ ਕੋਰਟ ਦਾ ਰੁਖ ਨਰਮ ਹੈ। ਇਸ ਦੌਰਾਨ ਹਾਈ ਕੋਰਟ ਦਾ ਕਹਿਣਾ ਹੈ ਕਿ ਬਾਗਲ ਜੋੜੇ ਨੂੰ ਅਪਣੀ ਮਰਜ਼ੀ ਨਾਲ ਜਿਉਣ ਦਾ ਹੱਕ ਹੈ। ਕੋਈ ਵੀ ਬਾਹਰੀ ਵਿਅਕਤੀ ਉਹਨਾਂ ਦੇ ਜੀਵਨ ਵਿਚ ਦਖਲ ਨਹੀਂ ਦੇ ਸਕਦਾ।

ਹਾਈ ਕੋਰਟ ਨੇ ਅਪਣਾ ਫੈਸਲਾ ਇਸ ਅਧਾਰ ‘ਤੇ ਦਿੱਤਾ ਹੈ ਕਿ ਲੜਕੀ ਦੀ ਉਮਰ 18 ਸਾਲ ਤੋਂ ਉੱਪਰ ਹੈ ਤੇ ਉਸ ਨੂੰ ਅਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਤੇ ਅਪਣੀਆਂ ਸ਼ਰਤਾਂ ‘ਤੇ ਜਿਉਣ ਦਾ ਅਧਿਕਾਰ ਹੈ। 23 ਸਾਲਾ ਮੁਸਲਿਮ ਨੌਜਵਾਨ ਅਤੇ ਹਿੰਦੂ ਧਰਮ ਤੋਂ ਇਸਲਾਮ ਨੂੰ ਕਬੂਲਣ ਵਾਲੀ 22 ਸਾਲਾ ਮਹਿਲਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਸਰਲ ਸ੍ਰੀਵਾਸਤਵ ਨੇ ਕਿਹਾ, ‘ਅਦਾਲਤ ਵਾਰ-ਵਾਰ ਕਹਿ ਚੁੱਕੀ ਹੈ ਕਿ ਜੇਕਰ ਦੋ ਲੋਕ ਨਾਬਾਲਗ ਨਹੀਂ ਹਨ ਤੇ ਉਹਨਾਂ ਨੇ ਅਪਣੀ ਇੱਛਾ ਅਨੁਸਾਰ ਇਕੱਠੇ ਰਹਿਣ ਦਾ ਫੈਸਲਾ ਕੀਤਾ ਹੈ ਤਾਂ ਉਹਨਾਂ ਦੇ ਜੀਵਨ ਵਿਚ ਕਿਸੇ ਨੂੰ ਵੀ ਦਖਲ ਦੇਣ ਦਾ ਅਧਿਕਾਰ ਨਹੀਂ ਹੈ’।

ਕੋਰਟ ਨੇ ਦੋਵਾਂ ਨੂੰ ਪੁਲਿਸ ਸੁਰੱਖਿਆ ਦੇਣ ਦਾ ਆਦੇਸ਼ ਦਿੱਤਾ ਹੈ। ਦਰਅਸਲ ਲੜਕਾ ਤੇ ਲੜਕੀ ਨੇ ਕੋਰਟ ਨੂੰ ਅਪਣੇ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਜਨਮ 1997 ਤੇ 1998 ਵਿਚ ਹੋਇਆ ਸੀ। ਯਾਨੀ ਉਹ ਹੁਣ ਨਾਬਾਲਗ ਨਹੀਂ ਰਹੇ ਤੇ ਅਪਣੇ ਜੀਵਨ ਦਾ ਫੈਸਲਾ ਕਰ ਸਕਦੇ ਹਨ।

ਹਾਈਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ਵਿਚ ਲੜਕੀ ਨੇ ਕਿਹਾ ਕਿ ਉਸ ਨੇ ਅਪਣੀ ਇੱਛਾ ਨਾਲ ਇਸਲਾਮ ਧਰਮ ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ ਤੇ ਅਪਣੀ ਮਰਜ਼ੀ ਦੇ ਵਿਅਕਤੀ ਨਾਲ ਵਿਆਹ ਕੀਤਾ ਹੈ। ਜੋੜੇ ਦੀ ਮੰਗ ਹੈ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਤੋਂ ਸੁਰੱਖਿਆ ਪ੍ਰਦਾਨ ਕਰਵਾਈ ਜਾਵੇ, ਤਾਂ ਜੋ ਉਹਨਾਂ ਦੇ ਜੀਵਨ ਵਿਚ ਕੋਈ ਦਖਲ ਨਾ ਦੇ ਸਕੇ।