ਜੋਸ਼ੀਮਠ ਜ਼ਮੀਨ ਖਿਸਕਣ ਮਾਮਲਾ - ਆਈ.ਆਈ.ਟੀ. ਰੋਪੜ ਦੇ ਖੋਜਕਰਤਾਵਾਂ ਨੇ ਪਹਿਲਾਂ ਹੀ ਦੇ ਦਿੱਤੀ ਸੀ ਚਿਤਾਵਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੋਜਕਰਤਾਵਾਂ ਦੀ ਇੱਕ ਟੀਮ ਨੇ ਮਾਰਚ 2021 ਵਿੱਚ ਹੀ ਪ੍ਰਗਟਾਇਆ ਸੀ ਸੰਭਾਵਿਤ ਖ਼ਦਸ਼ਾ 

Image

 

ਚੰਡੀਗੜ੍ਹ - ਜੋਸ਼ੀਮਠ ਵਿੱਚ ਜ਼ਮੀਨ ਦਬਣ ਦੇ ਸੰਕਟ ਵਿਚਕਾਰ ਪੰਜਾਬ ਦੀ ਆਈ.ਆਈ.ਟੀ. ਰੋਪੜ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਸ ਦੇ ਖੋਜਕਰਤਾਵਾਂ ਨੇ 2021 ਵਿੱਚ ਦੋ ਸਾਲਾਂ ਦੇ ਅੰਦਰ ਉੱਤਰਾਖੰਡ ਦੇ ਕਸਬੇ ਵਿੱਚ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਦਾ ਖ਼ਦਸ਼ਾ ਪ੍ਰਗਟਾਇਆ ਸੀ। 

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਇੰਸਟੀਚਿਊਟ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਡਾ. ਰੀਤ ਕਮਲ ਤਿਵਾਰੀ ਦੀ ਅਗਵਾਈ ਵਿੱਚ ਖੋਜਕਰਤਾਵਾਂ ਦੀ ਇੱਕ ਟੀਮ ਨੇ, ਮਾਰਚ 2021 ਦੇ ਸ਼ੁਰੂ ਵਿੱਚ ਜੋਸ਼ੀਮਠ ਬਾਰੇ ਇਸ ਵਿਸ਼ੇ ਨਾਲ ਸੰਬੰਧਿਤ ਇੱਕ ਨਕਸ਼ਾ ਤਿਆਰ ਕੀਤਾ ਸੀ। 

"ਅਧਿਐਨ ਦੌਰਾਨ, ਡਾ. ਤਿਵਾਰੀ ਅਤੇ ਉਨ੍ਹਾਂ ਦੇ ਤਤਕਾਲੀ ਪੀ.ਐਚ.ਡੀ. ਵਿਦਿਆਰਥੀ ਅਤੇ ਹੁਣ ਆਈ.ਆਈ.ਟੀ. ਪਟਨਾ ਦੇ ਸਿਵਲ ਅਤੇ ਵਾਤਾਵਰਣ ਇੰਜੀਨੀਅਰਿੰਗ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ, ਡਾ. ਅਕਸ਼ਰ ਤ੍ਰਿਪਾਠੀ ਨੇ ਚਿਤਾਵਨੀ ਜਤਾਈ ਸੀ ਕਿ ਜੋਸ਼ੀਮਠ ਵਿੱਚ ਦੋ ਸਾਲਾਂ ਅੰਦਰ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਣਗੀਆਂ।" ਰੀਲੀਜ਼ ਵਿੱਚ ਕਿਹਾ ਗਿਆ ਹੈ। 

ਸੰਸਥਾ ਨੇ ਕਿਹਾ, "ਉਨ੍ਹਾਂ ਨੇ ਅਧਿਐਨ ਲਈ ਸੈਂਟੀਨੇਲ -1 ਉਪਗ੍ਰਹਿ ਡੇਟਾ ਦੀ ਵਰਤੋਂ ਕਰਦੇ ਹੋਏ ਪਰਸਿਸਟੈਂਟ ਸਕੈਟਰਰ ਐਸ.ਏ.ਆਰ. ਇੰਟਰਫੇਰੋਮੈਟਰੀ (ਪੀਐਸਆਈਐਨਐਸਏਆਰ) ਤਕਨੀਕ ਦੀ ਵਰਤੋਂ ਕੀਤੀ ਸੀ।" 

ਜੋਸ਼ੀਮਠ ਸ਼ਹਿਰ ਵਿੱਚ ਇਮਾਰਤਾਂ ਦੇ 7.5 ਸੈਂਟੀਮੀਟਰ ਤੋਂ 10 ਸੈਂਟੀਮੀਟਰ ਤੱਕ ਦਬ ਜਾਣ ਦੀ ਭਵਿੱਖਬਾਣੀ ਕੀਤੀ ਗਈ ਸੀ, ਜੋ ਇਮਾਰਤਾਂ ਵਿੱਚ ਵੱਡੀਆਂ ਤਰੇੜਾਂ ਪੈਦਾ ਕਰਨ ਲਈ ਕਾਫ਼ੀ ਹੈ। ਪਿਛਲੇ ਕੁਝ ਦਿਨਾਂ ਦੇ ਦ੍ਰਿਸ਼ਾਂ 'ਚ ਇਹੀ ਕੁਝ ਹੀ ਹੁੰਦਾ ਦਿਖਾਈ ਦੇ ਰਿਹਾ ਹੈ।

ਇਹ ਅਧਿਐਨ 16 ਅਪ੍ਰੈਲ, 2021 ਨੂੰ ਲਖਨਊ ਵਿੱਚ ਆਯੋਜਿਤ ਇੱਕ ਕਾਨਫ਼ਰੰਸ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਲਈ ਤ੍ਰਿਪਾਠੀ ਨੂੰ 'ਬੈਸਟ ਪੇਪਰ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ। ਰਿਲੀਜ਼ ਵਿੱਚ ਕਿਹਾ ਗਿਆ ਹੈ, "ਹਾਲਾਂਕਿ, ਖੇਤਰ ਦੇ ਬਹੁਤ ਸਾਰੇ ਮਾਹਰਾਂ ਵੱਲੋਂ ਅਧਿਐਨ ਨੂੰ ਸਿਰਫ਼ ਅਟਕਲਾਂ ਅਤੇ ਡਰ-ਭੈਅ ਦੇ ਤੌਰ 'ਤੇ ਖਾਰਜ ਕਰ ਦਿੱਤਾ ਗਿਆ ਸੀ।"

ਜੋਸ਼ੀਮਠ ਸ਼ਹਿਰ ਹੁਣ ਜਿਸ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਭਵਿੱਖਬਾਣੀਆਂ ਦੇ ਸੱਚ ਹੋਣ ਦੇ ਮੱਦੇਨਜ਼ਰ, ਡਾ. ਤਿਵਾਰੀ ਨੇ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਦੁਹਰਾਇਆ ਕਿ ਸਮੇਂ ਦੀ ਲੋੜ ਹੈ ਕਿ ਹਿਮਾਲਿਆ ਖੇਤਰ ਦੀਆਂ ਆਫ਼ਤਾਂ ਬਾਰੇ ਇੱਕ ਅੰਤਰ-ਆਈ.ਆਈ.ਟੀ. ਇੰਸਟੀਚਿਊਟ ਆਫ਼ ਐਕਸੀਲੈਂਸ ਸਥਾਪਿਤ ਕੀਤਾ ਜਾਵੇ। ਰਿਲੀਜ਼ ਅਨੁਸਾਰ, ਡਾ. ਤਿਵਾਰੀ ਨੇ ਇਸ ਨੂੰ ਹਿਮਾਲੀਅਨ ਖੇਤਰ ਵਿੱਚ ਆਫ਼ਤਾਂ 'ਤੇ ਆਪਣੀ ਕਿਸਮ ਦਾ ਪਹਿਲਾ ਸਫ਼ਲ ਅੰਤਰ-ਸੰਸਥਾਗਤ ਸਹਿਯੋਗ ਵੀ ਕਿਹਾ ਹੈ।

ਡਾ. ਅਕਸ਼ਰ ਤ੍ਰਿਪਾਠੀ ਨੇ ਅੰਤਰ-ਵਿਸ਼ੇ ਅਤੇ ਅੰਤਰ-ਆਈ.ਆਈ.ਟੀ. ਸੰਸਥਾਵਾਂ ਸਥਾਪਤ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਹਿਮਾਲਿਆ ਨੂੰ 'ਭੌਤਿਕ ਅਤੇ ਮੌਸਮੀ ਰੱਖਿਅਕ' ਕਿਹਾ ਹੈ ਜਿਸ ਦੀ ਸੁਰੱਖਿਆ ਕੀਤੇ ਜਾਣ ਦੀ ਲੋੜ ਹੈ।

ਡਾ. ਤਿਵਾਰੀ ਅਤੇ ਡਾ. ਤ੍ਰਿਪਾਠੀ ਦੋਵਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਆਫ਼ਤਾਂ ਦੀ ਭਵਿੱਖਬਾਣੀ ਕਰਨ ਵਾਲੇ ਅਜਿਹੇ ਕਿਸੇ ਵੀ ਅਧਿਐਨ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ, ਤਾਂ ਜੋ ਜਨਤਕ ਪੈਸੇ ਦੇ ਨੁਕਸਾਨ ਤੋਂ ਬਚਣ ਲਈ ਪਹਿਲਾਂ ਤੋਂ ਹੀ ਢੁਕਵੇਂ ਰੋਕਥਾਮ ਵਾਲੇ ਉਪਾਅ ਕੀਤੇ ਜਾ ਸਕਣ।