ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈ ਸੀਐਮ ਕੇਜਰੀਵਾਲ ਦੀ ਬੇਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਸ਼ਿਤਾ ਕੇਜਰੀਵਾਲ ਨਾਲ ਹੋਈ 34,000 ਰੁਪਏ ਦੀ ਠੱਗੀ

Harshita Kejriwal

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਨਾਲ ਇਕ ਵਿਅਕਤੀ ਨੇ 34,000 ਰੁਪਏ ਦੀ ਠੱਗੀ ਕੀਤੀ ਹੈ। ਦਰਅਸਲ ਹਰਸ਼ਿਤਾ ਨੇ ਇਕ ਈ-ਕਾਮਰਸ ਪਲੇਟਫਾਰਮ ‘ਤੇ ਸੋਫੇ ਦੀ ਵਿਕਰੀ ਲਈ ਸੂਚਨਾ ਦਿੱਤੀ ਸੀ। ਇਕ ਵਿਅਕਤੀ ਨੇ ਖੁਦ ਨੂੰ ਖਰੀਦਦਾਰ ਦੱਸ ਕੇ ਹਰਸ਼ਿਤਾ ਨਾਲ ਠੱਗੀ ਕੀਤੀ।

ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ‘ਤੇ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਹਰਸ਼ਿਤਾ ਨੇ ਸੋਫੇ ਦੀ ਆਨਲਾਈਨ ਵਿਕਰੀ ਲਈ ਈ-ਕਾਮਰਸ ਸਾਈਟ ‘ਤੇ ਸੂਚਨਾ ਦਿੱਤੀ ਸੀ। ਵਿਅਕਤੀ ਨੇ ਖਰੀਦਦਾਰੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਹਰਸ਼ਿਤਾ ਨਾਲ ਸੰਪਰਕ ਕੀਤਾ।

ਵਿਅਕਤੀ ਨੇ ਆਨਲਾਈਨ ਭੁਗਤਾਨ ਕਰਨ ਲਈ ਹਰਸ਼ਿਤਾ ਨੂੰ ਕਿਊਆਰ ਕੋਡ ਭੇਜਿਆ ਅਤੇ ਉਸ ਨੂੰ ਸਕੈਨ ਕਰਨ ਲਈ ਕਿਹਾ ਤਾਂ ਜੋ ਰਕਮ ਹਰਸ਼ਿਤਾ ਦੇ ਖਾਤੇ ਵਿਚ ਟ੍ਰਾਂਸਫਰ ਕੀਤੀ ਜਾ ਸਕੇ ਪਰ ਅਜਿਹਾ ਕਰਨ ‘ਤੇ ਹਰਸ਼ਿਤਾ ਦੇ ਖਾਤੇ ਵਿਚੋਂ 20,000 ਰੁਪਏ ਕੱਟ ਹੋ ਗਏ।

ਇਸ ਤੋਂ ਬਾਅਦ ਜਦੋਂ ਹਰਸ਼ਿਤਾ ਨੇ ਵਿਅਕਤੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਗਲਤੀ ਨਾਲ ਅਜਿਹਾ ਹੋਇਆ ਹੈ। ਦੁਬਾਰਾ ਇਹੀ ਪ੍ਰਕਿਰਿਆ ਕਰਨ ‘ਤੇ ਹਰਸ਼ਿਤਾ ਦੇ ਖਾਤੇ ਵਿਚੋਂ 14,000 ਰੁਪਏ ਕੱਟ ਗਏ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀ ਦਾ ਪਤਾ ਲਗਾ ਲਿਆ ਜਾਵੇਗਾ।