ਰਾਹੁਲ ਗਾਂਧੀ ਨੇ ‘ਨਫ਼ਰਤ ਫੈਲਾਉਣ ਵਾਲੀ ਟ੍ਰੋਲ ਆਰਮੀ’ ਖਿਲਾਫ਼ ਸ਼ੁਰੂ ਕੀਤੀ ਮੁਹਿੰਮ
ਲੋਕਾਂ ਨੂੰ ਕਾਂਗਰਸ ਦੇ ਆਈਟੀ ਸੈੱਲ ਨਾਲ ਜੁੜਨ ਦੀ ਕੀਤੀ ਅਪੀਲ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਨਫ਼ਰਤ ਫੈਲਾਉਣ ਵਾਲੀ ਟ੍ਰੋਲ ਆਰਮੀ ਦਾ ਮੁਕਾਬਲਾ ਕਰਨ ਲਈ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਇਕ ਹੈਲਪਲਾਈਨ ਨੰਬਰ ਅਤੇ ਸੋਸ਼ਲ ਮੀਡੀਆ ਪੇਜ ਲਾਂਚ ਕੀਤਾ ਹੈ।
ਉਹਨਾਂ ਨੇ ਲੋਕਾਂ ਨੂੰ ਕਾਂਗਰਸ ਦੇ ਆਈਟੀ ਸੈੱਲ ਨਾਲ ਜੁੜਨ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਇਸ ਟੀਮ ਨੂੰ ‘ਸੱਚਾਈ ਦੀ ਫੌਜ’ ਦਾ ਨਾਂਅ ਦਿੱਤਾ ਹੈ।ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਨਵੀਂ ਮੁਹਿੰਮ ਸ਼ੁਰੂ ਕਰਕੇ ਨੌਜਵਾਨਾਂ ਨੂੰ ਕਾਂਗਰਸ ਆਈਟੀ ਸੈੱਲ ਨਾਲ ਜੁੜਨ ਲਈ ਕਿਹਾ ਹੈ, ਜਿਸ ਨੂੰ ‘ਆਰਮੀ ਆਫ ਟਰੁੱਥ’ ਨਾਂਅ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਹ ਫੌਜ ਆਨਲਾਈਨ ਪਲੇਟਫਾਰਮ ‘ਤੇ ਪੈਸੇ ਲੈ ਕੇ ਟ੍ਰੋਲ ਕਰਨ ਵਾਲਿਆਂ ਦਾ ਮੁਕਾਬਲਾ ਕਰੇਗੀ। ਰਾਹੁਲ ਗਾਂਧੀ ਨੇ ਟਵਿਟਰ 'ਤੇ ਇਕ ਵੀਡੀਓ ਸੰਦੇਸ਼ ਜ਼ਰੀਏ ਕਿਹਾ ਕਿ ਟ੍ਰੋਲ ਆਰਮੀ ਦੇਸ਼ ਦੀ ਬੁਨਿਆਦ ‘ਤੇ ਹਮਲਾ ਕਰ ਰਹੀ ਹੈ। ਹਜ਼ਾਰਾਂ ਲੋਕ ਨਫ਼ਰਤ, ਗੁੱਸਾ ਫੈਲਾ ਰਹੇ ਹਨ ਅਤੇ ਉਹਨਾਂ ਨੂੰ ਇਸ ਦੇ ਲਈ ਭੁਗਤਾਨ ਕੀਤਾ ਜਾਂਦਾ ਹੈ।
ਉਹਨਾਂ ਨੇ ਨੌਜਵਾਨਾਂ ਨੂੰ ਨਫ਼ਰਤ ਵਿਰੁੱਧ ਇਸ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਉਦਾਰਵਾਦੀ ਕਦਰਾਂ ਕੀਮਤਾਂ, ਸ਼ਾਂਤੀ, ਸਦਭਾਵਨਾ ਅਤੇ ਸੰਜਮ ਦੇ ਵਿਚਾਰਾਂ ਦੀ ਰਾਖੀ ਲਈ ਸਾਨੂੰ ਅਜਿਹੇ ਯੋਧਿਆਂ ਦੀ ਲੋੜ ਹੈ।ਸਾਬਕਾ ਕਾਂਗਰਸ ਪ੍ਰਧਾਨ ਨੇ #JoinCongressSocialMedia ਹੈਸ਼ਟੈਗ ਦੇ ਨਾਲ ਇਹ ਮੁਹਿੰਮ ਲਾਂਚ ਕੀਤੀ ਹੈ।