80 ਕਿਲੋਮੀਟਰ ਦੂਰ ਪਿੰਡ ਲਈ ਪਤਨੀ ਦੀ ਲਾਸ਼ ਮੋਢੇ 'ਤੇ ਰੱਖ ਕੇ ਹੀ ਤੁਰ ਪਿਆ ਪਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰਸਤੇ 'ਚ ਮੌਤ ਹੋਈ ਗਈ ਤਾਂ ਰਾਹ 'ਚ ਹੀ ਉਤਾਰ ਦਿੱਤਾ ਆਟੋ ਰਿਕਸ਼ਾ ਵਾਲੇ ਨੇ  

Representative Image

 

ਨਬਰੰਗਪੁਰ - ਉੜੀਸਾ ਦੇ ਕੋਰਾਪੁਟ ਜ਼ਿਲ੍ਹੇ ਦੇ ਇੱਕ 35 ਸਾਲਾ ਵਿਅਕਤੀ ਵੱਲੋਂ ਆਪਣੀ ਪਤਨੀ ਦੀ ਲਾਸ਼ ਮੋਢੇ 'ਤੇ ਲਟਕਾ ਕਈ ਕਿਲੋਮੀਟਰ ਪੈਦਲ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਔਰਤ ਦੀ ਬੁੱਧਵਾਰ ਨੂੰ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਦੇ ਇੱਕ ਹਸਪਤਾਲ ਤੋਂ ਪਰਤਦੇ ਸਮੇਂ ਆਟੋ ਰਿਕਸ਼ਾ ਵਿੱਚ ਮੌਤ ਹੋ ਗਈ ਸੀ।

ਬਾਅਦ ਵਿੱਚ ਪੁਲਿਸ ਵਾਲਿਆਂ ਨੇ ਸਾਮੁਲੂ ਪਾਂਗੀ ਨੂੰ ਆਪਣੀ ਪਤਨੀ ਈਦੇ ਗੁਰੂ (30) ਦੀ ਲਾਸ਼ ਨੂੰ ਮੋਢੇ 'ਤੇ ਲਿਜਾਂਦੇ ਦੇਖਿਆ, ਅਤੇ ਲਾਸ਼ ਨੂੰ ਉਸ ਦੇ ਪਿੰਡ ਲਿਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ।

ਪਾਂਗੀ ਨੇ ਆਪਣੀ ਬੀਮਾਰ ਪਤਨੀ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਘਰ ਵਾਪਸ ਲੈ ਜਾਣ ਦੀ ਸਲਾਹ ਦਿੱਤੀ ਸੀ, ਜੋ ਕਿ ਲਗਭਗ 100 ਕਿਲੋਮੀਟਰ ਦੂਰ ਸੀ।

ਪਾਂਗੀ ਨੇ ਦੱਸਿਆ ਕਿ ਉਸ ਨੇ ਆਪਣੇ ਪਿੰਡ ਵਾਪਸ ਜਾਣ ਲਈ ਇੱਕ ਆਟੋ ਰਿਕਸ਼ਾ ਬੁਲਾਇਆ, ਪਰ ਗੁਰੂ ਦੀ ਰਸਤੇ 'ਚ ਹੀ ਮੌਤ ਹੋ ਗਈ। ਇਸ ਤੋਂ ਬਾਅਦ ਆਟੋ ਚਾਲਕ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਉਤਾਰ ਦਿੱਤਾ।

ਕੋਈ ਹੋਰ ਇੰਤਜ਼ਾਮ ਕੀਤੇ ਬਿਨਾਂ ਪਾਂਗੀ ਆਪਣੀ ਪਤਨੀ ਦੀ ਲਾਸ਼ ਨੂੰ ਮੋਢੇ 'ਤੇ ਚੁੱਕ ਕੇ ਆਪਣੇ ਘਰ ਵੱਲ ਤੁਰ ਪਿਆ ਜੋ ਕਰੀਬ 80 ਕਿਲੋਮੀਟਰ ਦੂਰ ਸੀ।