ਫ਼ੌਜ ਦੀ ਮਾਵਾਂ ਨੂੰ ਅਪੀਲ : ਬੇਟਿਆਂ ਨੂੰ ਅਤਿਵਾਦੀ ਬਣਨ ਤੋਂ ਰੋਕੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ : ਫ਼ੌਜ ਦੇ ਇਕ ਅਧਿਕਾਰੀ ਨੇ ਕਸ਼ਮੀਰ ਦੀਆਂ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਤਿਵਾਦ ਦੇ ਰਾਹ ਤੋਂ ਅਪਣੇ ਬੇਟਿਆਂ ਨੂੰ ਵਾਪਸ ਲਿਆਉਣ 'ਚ ਫ਼ੌਜ ਦੀ ਮਦਦ ਕਰਨ...

Indian Army

ਸ੍ਰੀਨਗਰ : ਫ਼ੌਜ ਦੇ ਇਕ ਅਧਿਕਾਰੀ ਨੇ ਕਸ਼ਮੀਰ ਦੀਆਂ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਤਿਵਾਦ ਦੇ ਰਾਹ ਤੋਂ ਅਪਣੇ ਬੇਟਿਆਂ ਨੂੰ ਵਾਪਸ ਲਿਆਉਣ 'ਚ ਫ਼ੌਜ ਦੀ ਮਦਦ ਕਰਨ। ਫ਼ੌਜ ਨੇ ਉਨ੍ਹਾਂ ਦੀ ਰਾਖੀ ਕਰਨ ਦਾ ਵੀ ਭਰੋਸਾ ਵੀ ਦਿਤਾ। ਸ੍ਰੀਨਗਰ 'ਚ ਫ਼ੌਜ ਦੀ 15ਵੀਂ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਲੈਫ਼ਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨੂੰ ਅਤਿਵਾਦੀ ਜਥੇਬੰਦੀਆਂ 'ਚ ਸ਼ਾਮਲ ਹੋਣ ਤੋਂ ਰੋਕਣ। 

ਉਨ੍ਹਾਂ ਕਿਹਾ, ''ਤਹੇ ਦਿਲ ਨਾਲ, ਮੈਂ ਵਿਅਕਤੀਗਤ ਤੌਰ 'ਤੇ ਕਸ਼ਮੀਰ ਦੀਆਂ ਸਾਰੀਆਂ ਮਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਪਣੇ ਬੱਚਿਆਂ ਨੂੰ ਅਤਿਵਾਦੀ ਬਣਨ ਤੋਂ ਰੋਕਣ ਅਤੇ ਗੁਮਰਾਹ ਹੋ ਚੁੱਕੇ ਬੱਚਿਆਂ ਨੂੰ ਵਾਪਸ ਲਿਆਉਣ। ਮੈਂ ਤੁਹਾਨੂੰ ਉਨ੍ਹਾਂ ਦੀ ਸੁਰੱਖਿਆ ਅਤੇ ਮੁੱਖਧਾਰਾ 'ਚ ਉਨ੍ਹਾਂ ਨੂੰ 100 ਫ਼ੀ ਸਦੀ ਸ਼ਾਮਲ ਕੀਤੇ ਜਾਣ ਦੀ ਗਾਰੰਟੀ ਦਿੰਦਾ ਹਾਂ।'' ਫ਼ੌਜੀ ਅਧਿਕਾਰੀ ਰੰਗਰੇਥ 'ਚ ਜੰਮੂ-ਕਸ਼ਮੀਰ ਲਾਇਟ ਇਨਫ਼ੈਂਟਰੀ (ਜਾਕਲੀ) ਦੇ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਤ ਕਰ ਰਹੇ ਸਨ। ਕੋਰ ਕਮਾਂਡਰ ਨੇ ਕਿਹਾ ਕਿ ਜ਼ਿੰਦਗੀ ਰੱਬ ਦਾ ਸੱਭ ਤੋਂ ਖ਼ੂਬਸੂਰਤ ਤੋਹਫ਼ਾ ਹੈ ਅਤੇ ਇਹ ਪ੍ਰਵਾਰ ਨਾਲ ਖ਼ੁਸ਼ੀ-ਖ਼ੁਸ਼ੀ ਰਹਿਣ ਲਈ ਹੈ।

ਉਨ੍ਹਾਂ ਕਿਹਾ, ''ਕ੍ਰਿਪਾ ਕਰ ਕੇ ਉਨ੍ਹਾਂ ਨੂੰ ਮੁੱਖ ਧਾਰਾ 'ਚ ਵਾਪਸ ਲੈ ਆਉ। ਜ਼ਿੰਦਗੀ ਰੱਬ ਦੀ ਸੱਭ ਤੋਂ ਸੋਹਣੀ ਭੇਂਟ ਹੈ, ਅਪਣੇ ਪ੍ਰਵਾਰ ਨਾਲ ਇਸ ਨੂੰ ਚੰਗੀ ਤਰ੍ਹਾਂ ਬਿਤਾਉ ਅਤੇ ਖ਼ੁਸ਼ ਰਹੋ।'' ਵਾਦੀ 'ਚ 26 ਕੈਡੇਟ ਸਮੇਤ ਕੁਲ 152 ਕੈਡੇਟ ਛੇ ਮਹੀਨੇ ਦੀ ਸਖ਼ਤ ਸਿਖਲਾਈ ਮਗਰੋਂ ਜਾਕਲੀ ਰੈਜੀਮੈਂਟ 'ਚ ਭਰਤੀ ਕੀਤੇ ਗਏ।  (ਪੀਟੀਆਈ)