ਪੁਰਾਣੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਤੇ ਉਸ ਦੇ ਪੁੱਤ ਨੇ ਸਾਬਕਾ ਸਰਪੰਚ ਦੇ ਪੁੱਤਰ ਨੂੰ ਮਾਰੀਆਂ ਗੋਲੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮੁਲਜ਼ਮ ਮੌਜੂਦਾ ਸਰਪੰਚ ਸੰਜੇ ਦੁਹਾਨ ਅਤੇ ਉਸ ਦੇ ਬੇਟੇ ਪੁਨੀਤ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ

photo

 

ਹਿਸਾਰ : ਹਰਿਆਣਾ ਦੇ ਪਿੰਡ ਕਾਵਾੜੀ ਵਿੱਚ ਮੌਜੂਦਾ ਸਰਪੰਚ ਅਤੇ ਉਸ ਦੇ ਪੁੱਤਰ ਨੇ ਸਾਬਕਾ ਸਰਪੰਚ ਦੇ ਪੁੱਤਰ ਕਰਨ ’ਤੇ 6 ਗੋਲੀਆਂ ਚਲਾਈਆਂ। ਉਸ ਦੀ ਛਾਤੀ, ਬਾਹਾਂ ਅਤੇ ਹੋਰ ਹਿੱਸਿਆਂ ਵਿਚ ਗੋਲੀਆਂ ਲੱਗੀਆਂ। ਘਟਨਾ ਤੋਂ ਬਾਅਦ ਪਿਓ-ਪੁੱਤ ਹਮਲਾਵਰ ਫ਼ਰਾਰ ਹੋ ਗਏ।

ਇਸ ਦੇ ਨਾਲ ਹੀ ਇਸ ਘਟਨਾ ਤੋਂ ਗੁੱਸੇ 'ਚ ਸਾਬਕਾ ਸਰਪੰਚ ਦੇ ਸਮਰਥਕਾਂ ਨੇ ਮੁਲਜ਼ਮਾਂ ਦੇ ਘਰ ਦੀ ਭੰਨਤੋੜ ਕੀਤੀ। ਪੁਲਿਸ ਨੇ ਮੁਲਜ਼ਮ ਮੌਜੂਦਾ ਸਰਪੰਚ ਸੰਜੇ ਦੁਹਾਨ ਅਤੇ ਉਸ ਦੇ ਬੇਟੇ ਪੁਨੀਤ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਜ਼ਖ਼ਮੀ ਨੌਜਵਾਨ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਮੁਲਜ਼ਮ ਮੌਜੂਦਾ ਸਰਪੰਚ ਸੰਜੇ ਦੁਹਾਨ ਹਿਸਾਰ ਜ਼ਿਲ੍ਹਾ ਸਰਪੰਚ ਐਸੋਸੀਏਸ਼ਨ ਦੇ ਮੁਖੀ ਵੀ ਹਨ। ਜ਼ਖ਼ਮੀ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਹੋਲੀ ਵਾਲੇ ਦਿਨ ਉਸ ਦਾ ਬੇਟਾ ਪਲੇਟਫਾਰਮ 'ਤੇ ਖੜ੍ਹਾ ਸੀ। ਉਸੇ ਸਮੇਂ ਸੰਜੇ ਆਪਣੇ ਬੇਟੇ ਪੁਨੀਤ ਨਾਲ ਆ ਗਿਆ। ਸੰਜੇ ਬਾਈਕ ਚਲਾ ਰਿਹਾ ਸੀ। ਸੰਜੇ ਨੇ ਆਪਣੇ ਬੇਟੇ ਨੂੰ ਕਿਹਾ ਕਿ ਇਹ ਵੱਡਾ ਚੌਧਰੀ ਖੜ੍ਹਾ ਹੈ, ਇਸ ਨੂੰ ਗੋਲੀ ਮਾਰ ਦਿਓ। ਇਹ ਕਹਿਣ 'ਤੇ ਪੁਨੀਤ ਨੇ ਆਪਣੇ ਬੇਟੇ ਕਰਨ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਦੇ ਸਰੀਰ 'ਤੇ 6 ਗੋਲੀਆਂ ਲੱਗੀਆਂ ਸਨ। ਘਟਨਾ ਤੋਂ ਬਾਅਦ ਦੋਵੇਂ ਫਰਾਰ ਹੋ ਗਏ।

ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰਨ ਦਾ ਆਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਸਰੀਰ ਵਿੱਚੋਂ ਗੋਲੀਆਂ ਕੱਢੀਆਂ ਗਈਆਂ। ਉਸ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਰਨ ਪਿੰਡ ਦੇ ਸਾਬਕਾ ਸਰਪੰਚ ਮਹਾਵੀਰ ਦਾ ਪੁੱਤਰ ਹੈ। ਉਸ ਦੇ ਪਿਤਾ ਦਾ ਵੀ ਕੁਝ ਸਾਲ ਪਹਿਲਾਂ ਕਤਲ ਹੋ ਗਿਆ ਸੀ। ਕਰਨ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਕਰਨ ਦਾ ਜੀਜਾ ਫਤਿਹਾਬਾਦ ਵਿੱਚ ਡੀਐਸਪੀ ਤਾਇਨਾਤ ਹੈ।ਕਰਨ ਨੂੰ ਗੋਲੀ ਮਾਰਨ ਤੋਂ ਨਾਰਾਜ਼ ਉਨ੍ਹਾਂ ਦੇ ਸਮਰਥਕਾਂ ਨੇ ਸਰਪੰਚ ਦੇ ਘਰ ਦੀ ਭੰਨਤੋੜ ਕੀਤੀ। ਸਰਪੰਚ ਦੇ ਘਰ ਦੇ ਬਾਹਰ ਖੜ੍ਹੀ ਉਸ ਦੀ ਕਾਰ ਦੀ ਭੰਨਤੋੜ ਕੀਤੀ ਗਈ। ਪੱਥਰ ਵੀ ਸੁੱਟੇ ਗਏ।