ਸ਼੍ਰੀਨਗਰ ਨੈਸ਼ਨਲ ਹਾਈਵੇਅ ਦੋ ਦਿਨ ਲਈ ਬੰਦ, ਕਸ਼ਮੀਰੀ ਨਾਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਧਾਰਾ ਦੇ ਨੇਤਾ, ਵੱਖਵਾਦੀ ਤੇ ਕਾਰੋਬਾਰੀ ਭਾਈਚਾਰੇ ਦੇ ਲੋਕ ਇਸ ਪਾਬੰਦੀ ਦਾ ਵਿਰੋਧ ਕਰ ਰਹੇ ਹਨ

National Highway of Shrinagar

ਸ਼੍ਰੀਨਗਰ- ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੇ ਬਾਰਾਮੁੱਲਾ-ਉਧਮਪੁਰ ਨੈਸ਼ਨਲ ਹਾਈਵੇਅ 'ਤੇ 31 ਮਈ ਤੱਕ ਹਫ਼ਤੇ ਵਿਚ ਦੋ ਦਿਨ ਐਤਵਾਰ ਤੇ ਬੁਧਵਾਰ ਨੂੰ ਲੱਗਣ ਵਾਲਾ ਟ੍ਰੈਫਿਕ ਬੈਨ ਲਾਗੂ ਹੋ ਗਿਆ ਹੈ। ਸਰਕਾਰ ਨੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਤੇ ਹਫਤੇ ਵਿੱਚ ਦੋ ਦਿਨਾਂ ਲਈ ਆਮ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਸੂਬੇ ਦੇ ਗ੍ਰਹਿ ਸਕੱਤਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਸ ਆਦੇਸ਼ ਦਾ ਕਸ਼ਮੀਰ ਵਿਚ ਵਿਰੋਧ ਹੋ ਰਿਹਾ ਹੈ। ਕਸ਼ਮੀਰ ਦੇ ਬਾਰਾਮੁੱਲਾ, ਸ਼੍ਰੀਨਗਰ, ਕਾਜੀਕੁੰਡ, ਜਵਾਹਰ ਟਨਲ ਤੇ ਬਨਿਹਾਲ ਤੋਂ ਉਧਮਪੁਰ ਜਾਣ ਵਾਲੇ ਰਾਸਤੇ ਸੁਰੱਖਿਆ ਬਾਲਾਂ ਦੇ ਕਾਫਿਲੇ ਗੁਜ਼ਰਨ ਕਾਰਨ ਬੰਦ ਰਹਿਣਗੇ।

ਉੱਤਰ ਕਸ਼ਮੀਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਹਾਈਵੇਅ ਤੋਂ ਸੁਰੱਖਿਆ ਬਲਾਂ ਦਾ ਕਾਫਿਲਾ ਗੁਜ਼ਰੇਗਾ ਉਸ ਦੌਰਾਨ ਸਾਨੂੰ ਟ੍ਰੈਫਿਕ ਨੂੰ ਬੰਦ ਕਰਨ ਦਾ ਆਦੇਸ਼ ਮਿਲਿਆ ਹੈ। ਆਦੇਸ਼ ਮੁਤਾਬਕ ਸਵੇਰੇ ਚਾਰ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਇਹ ਰੋਕ ਜਾਰੀ ਰਹੇਗੀ। ਮੁੱਖ ਧਾਰਾ ਦੇ ਨੇਤਾ, ਵੱਖਵਾਦੀ ਤੇ ਕਾਰੋਬਾਰੀ ਭਾਈਚਾਰੇ ਦੇ ਲੋਕ ਇਸ ਪਾਬੰਦੀ ਦਾ ਵਿਰੋਧ ਕਰ ਰਹੇ ਹਨ ਅਤੇ ਇਸਨੂੰ ਜਨਤਾ ਵਿਰੋਧੀ ਆਦੇਸ਼ ਦੱਸਦੇ ਹੋਏ ਦੋਬਾਰਾ ਵਿਚਾਰ ਕਰਨ ਦੀ ਮੰਗ ਕਰ ਰਹੇ ਹਨ। ਕਸ਼ਮੀਰ ਦੇ ਆਮ ਲੋਕ ਵੀ ਇਹ ਕਹਿੰਦਿਆਂ ਇਸ ਦਾ ਵਿਰੋਧ ਕਰ ਰਹੇ ਹਨ ਕਿ ਇਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵੱਧ ਸਕਦੀਆਂ ਹਨ।

ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਓਮਰ ਅਬਦੁਲਾਹ ਨੇ ਕਿਹਾ ਹੈ ਕਿ ਇਸ ਪਾਬੰਦੀ ਦੀ ਸਮੀਖਿਆ ਹੋਣੀ ਚਾਹੀਦੀ ਹੈ। ਉਨ੍ਹਾਂ ਗਵਰਨਰ ਸੱਤਿਆਪਾਲ ਮਲਿਕ ਨੂੰ ਕਿਹਾ ਹੈ ਕਿ ਲੋਕਾਂ ਲਈ ਦਿੱਕਤਾਂ ਪੈਦਾ ਕਰਨ ਵਾਲੇ ਇਸ ਆਦੇਸ਼ ਨੂੰ ਵਾਪਸ ਲਿਆ ਜਾਵੇ। ਰਫੀਆਬਾਦ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਬਦੁੱਲਾਹ ਨੇ ਕਿਹਾ, ''ਕੱਟੜਪੰਥੀ ਦੇ ਪਿਛਲੇ 30 ਸਾਲਾਂ ਵਿਚ ਸਰਕਾਰ ਨੇ ਇਸ ਤਰ੍ਹਾਂ ਦਾ ਆਦੇਸ਼ ਕਦੇ ਜਾਰੀ ਨਹੀਂ ਕੀਤਾ ਹੈ। ਵਿਧਾਨ ਸਭਾ ਵਿਚ ਕਾਰ ਬੰਬ ਧਮਾਕੇ ਤੋਂ ਬਾਅਦ ਵੀ ਨਹੀਂ।''

''ਕੀ ਇਹ ਆਦੇਸ਼ ਇਹ ਵਿਖਾਉਂਦਾ ਹੈ ਕਿ ਕਸ਼ਮੀਰ ਹੁਣ ਤੱਕ ਦੇ ਸਭ ਤੋਂ ਖਰਾਬ ਦੌਰ 'ਚੋਂ ਗੁਜ਼ਰ ਰਿਹਾ ਹੈ?'' ਓਮਰ ਨੇ ਕਿਹਾ ਕਿ ਬਨਿਹਾਲ ਤੋਂ ਬਾਰਾਮੁੱਲਾ ਤੱਕ ਸੁਰੱਖਿਆ ਬਲ ਟ੍ਰੇਨ ਦੌਰਾਨ ਵੀ ਆ-ਜਾ ਸਕਦੇ ਹਨ। 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਹਮਲੇ ਤੋਂ ਬਾਅਦ ਵੀ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਜਦੋਂ ਸੁਰੱਖਿਆ ਬਲਾਂ ਦੇ ਕਾਫਿਲੇ ਗੁਜ਼ਰਨਗੇ, ਉਸ ਵੇਲੇ ਆਮ ਨਾਗਰਿਕਾਂ ਦੇ ਵਾਹਨਾਂ ਨੂੰ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ। ਪੁਲਵਾਮਾ ਵਿਚ ਵਿਸਫੋਟਕਾਂ ਨਾਲ ਭਰੀ ਗੱਡੀ ਸੀਆਰਪੀਐਫ ਦੇ ਕਾਫਿਲੇ ਨਾਲ ਟਕਰਾਈ ਸੀ ਜਿਸ ਵਿਚ 40 ਜਵਾਨਾਂ ਦੀ ਮੌਤ ਹੋ ਗਈ ਸੀ।

ਚਰਮਪੰਥੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਹਮਲਾਵਰ ਦੀ ਪਛਾਣ ਕਸ਼ਮੀਰੀ ਨੌਜਵਾਨ ਆਦਿਲ ਅਹਿਮਦ ਡਾਰ ਦੇ ਰੂਪ ਵਿਚ ਹੋਈ ਸੀ। 274 ਕਿਲੋਮੀਟਰ ਲੰਮਾ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਹੀ ਕਸ਼ਮੀਰ ਨੂੰ ਬਾਕੀ ਦੇ ਭਾਰਤ ਨਾਲ ਜੋੜਣ ਵਾਲੀ ਇਕਲੌਤੀ ਸੜਕ ਹੈ। ਹਰ ਰੋਜ਼ ਹਜ਼ਾਰਾਂ ਆਮ ਲੋਕਾਂ ਤੇ ਸੁਰੱਖਿਆ ਬਲਾਂ ਦੇ ਵਾਹਨ ਉੱਥੋਂ ਗੁਜ਼ਰਦੇ ਹਨ। ਹਰ ਰੋਜ਼ ਸੁਰੱਖਿਆ ਬਲਾਂ ਦੇ ਕਾਫਿਲੇ ਜੰਮੂ ਤੋਂ ਸ਼੍ਰੀਨਗਰ ਤੇ ਸ਼੍ਰੀਨਗਰ ਤੋਂ ਜੰਮੂ ਆਉਂਦੇ-ਜਾਂਦੇ ਰਹਿੰਦੇ ਹਨ। ਸੁਰੱਖਿਆ ਬਲਾਂ ਦੇ ਕਾਫਿਲੇ ਬਾਰਾਮੁੱਲਾ ਤੋਂ ਜੰਮੂ ਆਉਂਦੇ ਹਨ।

ਇਹ ਹਾਈਵੇਅ ਦੱਖਣੀ ਕਸ਼ਮੀਰ ਦੇ ਅਨੰਤਨਾਗ, ਅਵੰਤੀਪੁਰਾ, ਪੰਪੋਰ ਤੇ ਉੱਤਰੀ ਕਸ਼ਮੀਰ ਵਿਚ ਪਾਟਨ ਤੇ ਬਾਰਾਮੁੱਲਾ ਤੋਂ ਹੋ ਕੇ ਗੁਜ਼ਰਦਾ ਹੈ। ਹਜ਼ਾਰਾਂ ਯਾਤਰੀ ਹਰ ਰੋਜ਼ ਇਸੇ ਹਾਈਵੇਅ ਨੂੰ ਉੱਤਰੀ ਤੇ ਦੱਖਣੀ ਕਸ਼ਮੀਰ ਵਿਚਾਲੇ ਕੰਮ ਲਈ ਇਸਤੇਮਾਲ ਕਰਦੇ ਹਨ। ਉੱਤਰੀ ਕਸ਼ਮੀਰ ਦੇ ਹਿੰਦਵਾੜਾ ਦੇ ਖੁਰਸ਼ੀਦ ਅਹਿਮਦ ਕਹਿੰਦੇ ਹਨ, ''ਆਮ ਨਾਗਰਿਕਾਂ ਦੀਆਂ ਗੱਡੀਆਂ 'ਤੇ ਰੋਕ ਲਗਾਉਣ ਦਾ ਸਰਕਾਰ ਦਾ ਫੈਸਲਾ ਇਹ ਸਾਬਿਤ ਕਰਦਾ ਹੈ ਕਿ ਭਾਰਤ ਕਸ਼ਮੀਰ ਦੇ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਹੈ।'' ਉਹ ਫੌਜ ਲਈ ਸੜਕ ਬਣਾ ਰਹੇ ਹਨ।

ਇਹ ਦੱਸੋ ਕਿ ਮਰੀਜ਼ ਹਸਪਤਾਲ ਕਿਵੇਂ ਪਹੁੰਚਣਗੇ।'' 'ਲੋਕਾਂ ਨੂੰ ਮਿਲਣਾ ਹੁੰਦਾ ਹੈ, ਕੰਮ ਹੁੰਦੇ ਹਨ। ਉਹ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚਣਗੇ। ਇਸ ਨਾਲ ਲੋਕਾਂ ਦੀ ਜ਼ਿੰਦਗੀ ਵਿਚ ਹੋਰ ਕਈ ਨਵੀਆਂ ਮੁਸ਼ਕਲਾਂ ਆ ਜਾਣਗੀਆਂ।'' ਅਰਸ਼ਿਦ ਅਹਿਮਦ ਦੱਖਣੀ ਕਸ਼ਮੀਰ ਦੇ ਵਿਦਿਆਰਥੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਇਹ ਅਗਰੈਸਿਵ ਨੀਤੀ ਅਪਣਾਈ ਹੈ ਤੇ ਅਸੀਂ ਇਸ ਦੇ ਖਿਲਾਫ਼ ਹਾਂ। ਉਨ੍ਹਾਂ ਕਿਹਾ, ''ਮੈਨੂੰ ਤਾਂ ਇਸ ਵਿਚ ਕੋਈ ਸਮਝਦਾਰੀ ਨਜ਼ਰ ਨਹੀਂ ਆ ਰਹੀ। ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਮੁਸ਼ਕਿਲ ਕਾਫ਼ੀ ਹੋਵੇਗੀ। ਵਿਦਿਆਰਥੀ ਕਈ ਇਲਾਕਿਆਂ ਤੋਂ ਪੜ੍ਹਾਈ ਲਈ ਸ਼੍ਰੀਨਗਰ ਆਉਂਦੇ ਹਨ।

ਇਹ ਇਕੱਲਾ ਰਸਤਾ ਹੈ, ਜਿੱਥੋਂ ਕੋਚਿੰਗ ਲਈ ਵਿਦਿਆਰਥੀ ਆਉਂਦੇ ਜਾਂਦੇ ਹਨ ਅਤੇ ਬੁੱਧਵਾਰ ਦੇ ਦਿਨ ਵਿਦਿਆਰਥੀ ਕੋਚਿੰਗ ਲੈਣ ਕਿਵੇਂ ਆਉਣਗੇ, ਅਸੀਂ ਇਸਦਾ ਵਿਰੋਧ ਕਰਦੇ ਹਾਂ।'' ਕਸ਼ਮੀਰ ਦਾ ਕਾਰੋਬਾਰੀ ਭਾਈਚਾਰਾ ਵੀ ਕਹਿੰਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਕਸ਼ਮੀਰ ਇਕੋਨੌਮਿਕ ਅਲਾਇੰਸ ਦੇ ਚੇਅਰਮੈਨ ਮੁਹੰਮਦ ਯਾਸੀਨ ਖਾਨ ਕਹਿੰਦੇ ਹਨ, ''ਟ੍ਰੈਫਿਕ 'ਤੇ ਰੋਕ ਲਗਾਉਣ ਨਾਲ ਸਾਡਾ ਕੰਮ-ਧੰਦਾ ਪ੍ਰਭਾਵਿਤ ਹੋਵੇਗਾ।'' ''ਸਾਡਾ ਕਾਰੋਬਾਰ ਪਹਿਲਾਂ ਹੀ ਲਗਾਤਾਰ ਹੋਣ ਵਾਲੀਆਂ ਹੜਤਾਲਾਂ ਤੇ ਹੋਰ ਘਟਨਾਵਾਂ ਕਾਰਨ ਹੌਲੀ ਚੱਲ ਰਿਹਾ ਹੈ।''

'ਅਸੀਂ ਪੂਰੀ ਤਰ੍ਹਾਂ ਇਸ ਹਾਈਵੇਅ 'ਤੇ ਨਿਰਭਰ ਹਾਂ। ਇਸ ਰਾਹੀਂ ਅਸੀਂ ਜ਼ਰੂਰੀ ਸਮਾਨ ਲਿਆਂਉਂਦੇ ਹਾਂ।'' ਮੁਹੰਮਦ ਯਾਸੀਨ ਕਹਿੰਦੇ ਹਨ, ''ਹਾਈਵੇਅ 'ਤੇ ਰੋਜ਼ ਵਾਨ ਵੇਅ ਟ੍ਰੈਫਿਕ ਹੁੰਦਾ ਹੈ ਤੇ ਜੇ ਤੁਸੀਂ ਇਸ ਨੂੰ ਹਫਤੇ ਵਿਚ ਦੋ ਦਿਨਾਂ ਲਈ ਬੰਦ ਕਰ ਦਵੋਗੇ ਤਾਂ ਅਸੀਂ ਤਿੰਨ ਦਿਨਾਂ ਲਈ ਹੀ ਚੀਜ਼ਾਂ ਲਿਆ ਸਕਾਂਗੇ।' ''2014 ਵਿਚ ਆਏ ਹੜ੍ਹ ਤੋਂ ਸਾਡਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਿਰ ਕਿਸੇ ਦੀ ਆਜ਼ਾਦੀ 'ਤੇ ਇਸ ਤਰ੍ਹਾਂ ਦੀ ਰੋਕ ਲਗਾ ਦੇਣਾ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ।'' ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸਜਾਦ ਗਨੀ ਲੋਨ ਕਹਿੰਦੇ ਹਨ, ''ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਸ ਤਰ੍ਹਾਂ ਦਾ ਗਲਤ ਫੈਸਲਾ ਲੈ ਸਕਦੀ ਹੈ।

ਕੀ ਲੋਕਾਂ ਨੂੰ ਇੱਕ ਤੋਂ ਦੂਜੀ ਥਾਂ ਜਾਣ ਦਾ ਅਧਿਕਾਰ ਨਹੀਂ ਹੈ?'' ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾਕਟਰ ਫਾਰੂਕ ਅਬਦੁੱਲਾਹ ਨੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਇਆ ਕਿਹਾ ਕਿ ਅਜਿਹਾ ਤਾਂ ਕਾਰਗਿਲ ਦੀ ਜੰਗ ਦੌਰਾਨ ਵੀ ਨਹੀਂ ਕੀਤਾ ਗਿਆ ਸੀ। ਨਾਰਾਜ਼ ਫਾਰੂਕ ਅਬਦੁੱਲਾਹ ਨੇ ਕਿਹਾ, ''ਜੰਮੂ-ਕਸ਼ਮੀਰ ਹਾਈਵੇਅ ਕਾਰਗਿਲ ਦੀ ਜੰਗ ਦੌਰਾਨ ਵੀ ਬੰਦ ਨਹੀਂ ਕੀਤਾ ਗਿਆ ਸੀ ਤੇ ਖੂਫੀਆ ਰਿਪੋਰਟਾਂ ਮੁਤਾਬਕ ਅਤਿਵਾਦੀ ਹਮਲਾਵਰ ਕਦੇ ਵੀ ਹਮਲਾ ਕਰ ਸਕਦੇ ਹਨ। ਕੀ ਤੁਸੀਂ ਕਸ਼ਮੀਰ ਨੂੰ ਬਿਰਤਾਨੀ ਕਲੋਨੀ ਬਨਾਉਣਾ ਚਾਹੁੰਦੇ ਹੋ?''

ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸਜਾਦ ਗਨੀ ਲੋਨ ਨੇ ਇਸ ਨੂੰ ਜਨਤਾ ਵਿਰੋਧੀ ਦੱਸਿਆ ਤੇ ਕਿਹਾ ਕਿ ਇਸ ਨਾਲ ਕਸ਼ਮੀਰ ਵਿਚ ਮਨੁੱਖੀ ਸੰਕਟ ਪੈਦਾ ਹੋ ਸਕਦਾ ਹੈ। ਜੇ.ਐਂਡ.ਕੇ ਪੀਪਲਜ਼ ਮੂਵਮੈਂਟ ਦੇ ਪ੍ਰਧਾਨ ਸ਼ਾਹ ਫੈਜ਼ਲ ਨੇ ਮੰਗ ਕੀਤੀ ਹੈ ਕਿ ਇਸ ਆਦੇਸ਼ ਨੂੰ ਵਾਪਸ ਲਿਆ ਜਾਵੇ। ਕਸ਼ਮੀਰ ਦੇ ਡਿਵਿਜ਼ਨਲ ਕਮਿਸ਼ਨਰ ਬਸ਼ੀਰ ਅਹਿਮਦ ਖਾਨ ਨੇ ਕਿਹਾ, ''ਨਿਜੀ ਵਾਹਨਾਂ 'ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾਈ ਗਈ ਹੈ।'' ਉਨ੍ਹਾਂ ਕਿਹਾ, ''ਡਿਪਟੀ ਕਮਿਸ਼ਨਰ ਵੇਖਣਗੇ ਕਿ ਮੈਡੀਕਲ ਐਮਰਜੈਂਸੀ ਹੋਣ ਤੇ ਸਕੂਲ ਜਾ ਰਹੀਆਂ ਗੱਡੀਆਂ ਜਾਂ ਫਿਰ ਐਮਰਜੈਂਸੀ ਹਾਲਾਤ ਵਿਚ ਗੱਡੀਆਂ ਨੂੰ ਕਿਵੇਂ ਜਾਣ ਦੇਣਾ ਹੈ। ਇਹੀ ਨਹੀਂ ਜੇ ਕੋਈ ਚੋਣ ਅਭਿਆਨ ਵਿਚ ਜੁਟਿਆ ਹੋਵੇਗਾ ਤਾਂ ਉਸ ਨੂੰ ਵੀ ਆਜ਼ਾਦੀ ਮਿਲੇਗੀ।''