ਕੇਂਦਰ ਸਰਕਾਰ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਬੇਟੇ ਹਾਫਿਜ਼ ਤਲਹਾ ਨੂੰ ਅਤਿਵਾਦੀ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਫਿਜ਼ ਸਈਦ 26 ਨਵੰਬਰ 2008 ਨੂੰ ਮੁੰਬਈ 'ਚ ਹੋਏ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ।

Home Ministry

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਅਤੇ 26/11 ਮੁੰਬਈ ਅਤਿਵਾਦੀ ਹਮਲੇ ਦੇ ‘ਮਾਸਟਰਮਾਈਂਡ’ ਹਾਫਿਜ਼ ਸਈਦ ਦੇ ਪੁੱਤਰ ਹਾਫਿਜ਼ ਤਲਹਾ ਸਈਦ ਨੂੰ ਅਤਿਵਾਦੀ ਐਲਾਨ ਦਿੱਤਾ ਹੈ। ਇਹ ਜਾਣਕਾਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਸਾਹਮਣੇ ਆਈ ਹੈ। ਨੋਟੀਫਿਕੇਸ਼ਨ ਅਨੁਸਾਰ 46 ਸਾਲਾ ਹਾਫਿਜ਼ ਤਲਹਾ ਸਈਦ ਭਾਰਤ ਅਤੇ ਅਫਗਾਨਿਸਤਾਨ ਵਿੱਚ ਭਾਰਤੀ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਲਈ ਲਸ਼ਕਰ-ਏ-ਤੋਇਬਾ ਵਿਚ ਕਾਰਕੁਨਾਂ ਦੀ ਭਰਤੀ, ਫੰਡ ਇਕੱਠਾ ਕਰਨ ਅਤੇ ਹਮਲੇ ਦੀ ਯੋਜਨਾ ਬਣਾਉਣ ਅਤੇ ਹਮਲੇ ਕਰਨ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਸ਼ਾਮਲ ਹੈ।


Photo

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਹ ਨਿਯਮਿਤ ਤੌਰ 'ਤੇ ਪਾਕਿਸਤਾਨ ਵਿਚ ਲਸ਼ਕਰ-ਏ-ਤੋਇਬਾ ਦੇ ਵੱਖ-ਵੱਖ ਠਿਕਾਣਿਆਂ 'ਤੇ ਵੀ ਜਾਂਦਾ ਹੈ ਅਤੇ ਭਾਰਤ, ਇਜ਼ਰਾਈਲ, ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਭਾਰਤੀ ਹਿੱਤਾਂ ਵਿਰੁੱਧ ਜੇਹਾਦ ਛੇੜਨ ਲਈ ਬਿਆਨ ਦਿੰਦਾ ਹੈ। ਨੋਟੀਫਿਕੇਸ਼ਨ ਅਨੁਸਾਰ, "ਕੇਂਦਰ ਸਰਕਾਰ ਦਾ ਵਿਚਾਰ ਹੈ ਕਿ ਹਾਫਿਜ਼ ਤਲਹਾ ਸਈਦ ਅਤਿਵਾਦੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 (1967 ਦਾ 37) ਦੇ ਤਹਿਤ ਅਤਿਵਾਦੀ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ।"


Photo

ਦੱਸ ਦੇਈਏ ਕਿ ਹਾਫਿਜ਼ ਸਈਦ 26 ਨਵੰਬਰ 2008 ਨੂੰ ਮੁੰਬਈ 'ਚ ਹੋਏ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ। ਉਸ ਨੂੰ ਕੁਝ ਸਾਲ ਪਹਿਲਾਂ ਇਸੇ ਕਾਨੂੰਨ ਤਹਿਤ ਅਤਿਵਾਦੀ ਘੋਸ਼ਿਤ ਕੀਤਾ ਗਿਆ ਸੀ ਅਤੇ ਇਸ ਸਮੇਂ ਅੱਤਵਾਦ ਨਾਲ ਸਬੰਧਤ ਦੋਸ਼ਾਂ ਵਿਚ ਪਾਕਿਸਤਾਨ ਵਿਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।

Home Ministry

ਭਾਰਤ ਲਗਾਤਾਰ ਹਾਫਿਜ਼ ਸਈਦ ਦੀ ਹਿਰਾਸਤ ਦੀ ਮੰਗ ਕਰ ਰਿਹਾ ਹੈ ਪਰ ਪਾਕਿਸਤਾਨ ਨੇ ਉਸ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ। ਲਸ਼ਕਰ-ਏ-ਤੋਇਬਾ 26/11 ਦੇ ਹਮਲਿਆਂ ਤੋਂ ਇਲਾਵਾ ਭਾਰਤ ਵਿਚ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਹੈ। ਇਹਨਾਂ 'ਚੋਂ ਜ਼ਿਆਦਾਤਰ ਹਮਲੇ ਜੰਮੂ-ਕਸ਼ਮੀਰ 'ਚ ਹੋਏ ਹਨ, ਜਿਨ੍ਹਾਂ 'ਚ ਪਿਛਲੇ ਕੁਝ ਸਾਲਾਂ 'ਚ ਕਈ ਨਾਗਰਿਕ ਅਤੇ ਸੁਰੱਖਿਆ ਬਲ ਮਾਰੇ ਗਏ ਹਨ।