ਪੁਣੇ ’ਚ ਗੈਸ ਸਿਲੰਡਰ ਫਟਣ ਕਾਰਨ ਘਰ ’ਚ ਲੱਗੀ ਅੱਗ, ਪਿਓ ਪੁਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਦੀ ਪਛਾਣ ਮੋਹਨ ਚਵਾਨ ਤੇ ਆਤਿਸ਼ ਚਵਾਨ ਵਜੋਂ ਹੋਈ ਹੈ

Fire breaks out in house due to gas cylinder explosion in Pune, father and son die

ਪੁਣੇ ਵਿਖੇ ਇਕ ਘਰ ਵਿਚ ਸਿਲੰਡਰ ਫਟਣ ਤੋਂ ਬਾਅਦ ਅੱਗ ਲੱਗ ਗਈ। ਮਹਾਰਾਸ਼ਟਰ ਦੇ ਪੁਣੇ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਮੰਗਲਵਾਰ ਦੇਰ ਰਾਤ ਇਕ ਘਰ ਵਿਚ ਸਿਲੰਡਰ ਫਟ ਗਿਆ ਤੇ ਘਰ ਨੂੰ ਅੱਗ ਲੱਗ ਗਈ। ਇਸ ਅੱਗ ਵਿਚ ਇਕ ਆਦਮੀ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਬਾਹਰਵਾਰ ਵਾਰਜੇ ਇਲਾਕੇ ਵਿਚ ਵਾਪਰੀ। ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਐਲਪੀਜੀ ਸਿਲੰਡਰ ਵਿਚ ਧਮਾਕੇ ਤੋਂ ਬਾਅਦ ਘਰ ਵਿਚ ਅੱਗ ਲੱਗ ਗਈ ਜਿਸ ਨੂੰ ਬਾਅਦ ਵਿਚ ਬੁਝਾ ਦਿਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੌਕੇ ’ਤੇ ਪਹੁੰਚੇ, ਤਾਂ ਅਸੀਂ ਦੇਖਿਆ ਕਿ ਸਿਲੰਡਰ ਫਟਣ ਕਾਰਨ ਦੋ ਵਿਅਕਤੀ ਜ਼ਖਮੀ ਹੋਏ ਸਨ।

ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਮੋਹਨ ਚਵਾਨ ਅਤੇ ਉਨ੍ਹਾਂ ਦੇ ਪੁੱਤਰ ਆਤਿਸ਼ ਚਵਾਨ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਮੋਹਨ ਚਵਾਨ ਦਾ ਦੂਜਾ ਪੁੱਤਰ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਹੈ ਅਤੇ ਘਟਨਾ ਸਮੇਂ ਘਰ ਨਹੀਂ ਸੀ।