ਮਹਾਰਾਸ਼ਟਰ ਵਿਚ ਹੁਣ ਤੱਕ 714 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ, 5 ਦੀ ਹੋਈ ਮੌਤ
ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਮਹਾਰਾਸ਼ਟਰ ਪੁਲਿਸ ਨੇ ਦੱਸਿਆ ਹੈ ਕਿ ਸੂਬੇ ਵਿਚ ਹੁਣ ਤੱਕ 714 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਮੁੰਬਈ: ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਮਹਾਰਾਸ਼ਟਰ ਪੁਲਿਸ ਨੇ ਦੱਸਿਆ ਹੈ ਕਿ ਸੂਬੇ ਵਿਚ ਹੁਣ ਤੱਕ 714 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 61 ਪੁਲਿਸ ਕਰਮਚਾਰੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਤੇ 5 ਪੁਲਿਸ ਕਰਮਚਾਰੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
ਸੂਬੇ ਵਿਚ ਕੁੱਲ ਪੁਲਿਸ ਐਕਟਿਵ ਮਾਮਲੇ 648 ਹਨ। ਪੁਲਿਸ ਵਿਭਾਗ ਮੁਤਾਬਕ ਲੌਕਡਾਊਨ ਦੌਰਾਨ ਪੁਲਿਸ 'ਤੇ ਹਮਲੇ ਦੀਆਂ 194 ਘਟਨਾਵਾਂ ਵਾਪਰੀਆਂ ਹਨ ਅਤੇ 689 ਲੋਕਾਂ ਨੂੰ ਇਸ ਦੇ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਦੱਸ ਦਈਏ ਕਿ ਦੇਸ਼ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ।
ਮਹਾਰਾਸ਼ਟਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 19 ਹਜ਼ਾਰ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ 1089 ਨਵੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮ੍ਰਿਤਕਾਂ ਦੀ ਗਿਣਤੀ ਵਿਚ 37 ਦਾ ਵਾਧਾ ਹੋਇਆ ਹੈ। ਇੱਥੇ 731 ਲੋਕ ਅਪਣੀ ਜਾਨ ਗਵਾ ਚੁੱਕੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਅਤੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 95 ਲੋਕਾਂ ਦੀ ਮੌਤ ਹੋਈ ਹੈ ਜਦਕਿ ਸੰਕਰਮਣ ਦੇ 3320 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 2 ਹਜ਼ਾਰ ਦੇ ਕਰੀਬ (1981) ਪਹੁੰਚ ਗਈ ਹੈ। ਕੋਰੋਨਾ ਪੀੜਤਾਂ ਦਾ ਅੰਕੜਾ 59,000 ਤੋਂ ਪਾਰ ਪਹੁੰਚ ਗਿਆ ਹੈ। ਦੁਨੀਆ ਵਿਚ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ 'ਤੇ ਪਿਆ ਹੈ।
ਅਮਰੀਕਾ ਵਿਚ ਹੁਣ ਤੱਕ 12,99,912 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 77,562 ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਤਿੰਨ ਦੇਸ਼ਾਂ ਵਿਚ ਦੋ-ਦੋ ਲੱਖ ਅਤੇ ਛੇ ਦੇਸ਼ਾਂ ਵਿਚ ਪੀੜਤਾਂ ਦੀ ਗਿਣਤੀ ਇਕ-ਇਕ ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ।