ਅਮਰੀਕਾ ਵਿਚ ਭਾਰਤੀ ਡਾਕਟਰ ਬਾਪ-ਬੇਟੀ ਹਾਰੇ ਕੋਰੋਨਾ ਦੀ ਜੰਗ
ਅਮਰੀਕਾ ਦੇ ਨਿਊ ਜਰਸੀ ਵਿਚ ਭਾਰਤੀ ਮੂਲ ਦੇ ਇਕ ਬਾਪ-ਬੇਟੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ।
ਨਿਊਜਰਸੀ: ਅਮਰੀਕਾ ਦੇ ਨਿਊ ਜਰਸੀ ਵਿਚ ਭਾਰਤੀ ਮੂਲ ਦੇ ਇਕ ਬਾਪ-ਬੇਟੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ। ਦੋਵੇਂ ਹੀ ਪੇਸ਼ੇ ਤੋਂ ਡਾਕਟਰ ਸਨ। ਗਵਰਨਰ ਫਿਲ ਮਰਫ਼ੀ ਨੇ ਉਹਨਾਂ ਦੀ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਦੋਵਾਂ ਬਾਪ-ਬੇਟੀ ਨੇ ਅਪਣਾ ਜੀਵਨ ਲੋਕਾਂ ਦੀ ਸੇਵਾ ਕਰਦਿਆਂ ਬਤੀਤ ਕੀਤਾ।
ਨਿਊਜਰਸੀ ਦੇ ਗਵਰਨਰ ਨੇ ਉਹਨਾਂ ਦੀ ਮੌਤ 'ਤੇ ਟਵੀਟ ਕਰ ਕੇ ਦੁੱਖ ਜ਼ਾਹਿਰ ਕੀਤਾ। ਨਿਊ ਜਰਸੀ ਦੇ 78 ਸਾਲਾ ਸਤਿਏਂਦਰ ਦੇਵ ਖੰਨਾ ਇਕ ਸਰਜਨ ਹੋਣ ਦੇ ਨਾਲ ਨਾਲ ਕਈ ਹਸਪਤਾਲਾਂ ’ਚ ਸਰਜਰੀ ਮੁੱਖੀ ਦੇ ਤੌਰ ’ਤੇ ਸੇਵਾਵਾਂ ਨਿਭਾਅ ਚੁੱਕੇ ਸਨ। ਉਥੇ ਹੀ ਉਹਨਾਂ ਦੀ 43 ਸਾਲਾ ਬੇਟੀ ਪ੍ਰਿਆ ਖੰਨਾ ਇੰਟਰ ਮੈਡੀਕਲ ਤੇ ਨੇਫ਼੍ਰਰੋਲਾਜੀ ਦੀ ਮਾਹਰ ਸੀ।
ਉਹ ਯੂਨੀਅਨ ਹਸਪਤਾਲ ’ਚ ਚੀਫ਼ ਆਫ਼ ਰੇਜ਼ੀਡੈਂਟਜ਼ ਸੀ ਜੋ ਕਿ ਹੁਣ ਆਰਡਬਲਿਊਜੇ ਬਾਰਨਾਬਾਸ ਦਾ ਹਿੱਸਾ ਹੈ। ਇਹਨਾਂ ਦੋਵਾਂ ਦੀ ਮੌਤ ਕਲਾਰਾ ਮਾਸ ਮੈਡੀਕਲ ਸੈਂਟਰ ਵਿਚ ਹੋਈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ 'ਤੇ ਪਿਆ ਹੈ।
ਅਮਰੀਕਾ ਵਿਚ ਹੁਣ ਤੱਕ 12,99,912 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 77,562 ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਤਿੰਨ ਦੇਸ਼ਾਂ ਵਿਚ ਦੋ-ਦੋ ਲੱਖ ਅਤੇ ਛੇ ਦੇਸ਼ਾਂ ਵਿਚ ਪੀੜਤਾਂ ਦੀ ਗਿਣਤੀ ਇਕ-ਇਕ ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ।