31 ਜੁਲਾਈ ਤੱਕ 5 ਲੱਖ ਤੱਕ ਪਹੁੰਚ ਸਕਦੇ ਹਨ ਕਰੋਨਾ ਕੇਸ, 80 ਹਜ਼ਾਰ ਬੈਡਾਂ ਦੀ ਹੋਵੇਗੀ ਲੋੜ : ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਦਾ ਪ੍ਰਬੰਧਨ ਦੀ ਬੈਠਕ ਤੋਂ ਬਾਅਦ ਉਪ ਰਾਜਪਾਲ ਅਨਿਲ ਬੈਜਲ ਨੇ ਦੁਪਹਿਰ 3 ਵਜੇ ਸਰਬ ਪਾਰਟੀ ਬੈਠਕ ਬੁਲਾਈ ਹੈ।

Manish Sisodia

ਨਵੀਂ ਦਿੱਲੀ : ਦਿੱਲੀ ਵਿਚ ਕਰੋਨਾ ਵਾਇਰਸ ਦੇ ਕਮਿਊਨਿਟੀ ਸਪ੍ਰੈਡ ਦੇ ਖਤਰੇ ਨੂੰ ਫੈਲਣ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਂਜਲ ਦੀ ਅਗਵਾਈ ਵਿਚ ਮੰਗਲਵਾਰ ਨੂੰ ਬੈਠਕ ਬੁਲਾਈ ਸੀ। ਇਸ ਬੈਠਕ ਵਿਚ ਉਪਮੁੱਖ ਮੰਤਰੀ ਮਨੀਸ਼ ਸਿਸੋਦਿਆ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਵੀ ਸ਼ਾਮਿਲ ਸਨ। ਇਸ ਬੈਠਕ ਵਿਚ ਮਨੀਸ਼ ਸਿਸੋਦਿਆ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਕੇਸ ਵਧਦੇ ਰਹੇ ਤਾਂ 31 ਜੁਲਾਈ ਤੱਕ 5 ਲੱਖ ਤੋਂ ਵਧੇਰੇ ਕਰੋਨਾ ਕੇਸ ਹੋ ਜਾਣਗੇ।

ਇਸ ਬੈਠਕ ਤੋਂ ਬਾਅਦ ਮਨੀਸ਼ ਸਿਸੋਦੀਆਂ ਨੇ ਕਿਹਾ ਕਿ ਮੈਂ ਇਸ ਬੈਠਕ ਵਿਚ ਦਿੱਲੀ ਦੇ ਸਾਰੇ ਹਸਪਤਾਲਾਂ ਨੂੰ ਖੋਲਣ ਦਾ ਮੁੱਦਾ ਚੁੱਕਿਆ ਸੀ ਅਤੇ ਐੱਲਜੀ ਸਾਹਿਬ ਤੋਂ ਪੁੱਛਿਆ ਕਿ ਆਖਰ ਸਰਕਾਰ ਦੇ ਫੈਸਲੇ ਨੂੰ ਕਿਉਂ ਪਲਟਿਆ ਗਿਆ, ਪਰ ਇਸ ਤੇ ਰਾਜਪਾਲ ਸਾਹਿਬ ਕੋਈ ਜਵਾਬ ਨਹੀਂ ਦੇ ਸਕੇ। ਸਿਸੋਦਿਆ ਨੇ ਕਿਹਾ ਕਿ ਐੱਲਜੀ ਸਾਹਿਬ ਦੇ ਫੈਸਲੇ ਨਾਲ ਦਿੱਲੀ ਦੇ ਲੋਕਾਂ ਅੱਗੇ ਮੁਸ਼ਕਿਲ ਖੜੀ ਹੋ ਗਈ ਹੈ।

ਹੁਣ ਜਿਸ ਹਿਸਾਬ ਨਾਲ ਕਰੋਨਾ ਕੇਸਾਂ ਦੀ ਦਰ ਵੱਧ ਰਹੀ ਹੈ ਉਸ ਤੋਂ ਲੱਗਦਾ ਹੈ ਕਿ 30 ਜੂਨ ਤੱਕ 15 ਹਜ਼ਾਰ ਬੈੱਡਾਂ ਦੀ ਜਰੂਰਤ ਹੋਵੇਗੀ ਅਤੇ 31 ਜੁਲਾਈ ਤੱਕ 80 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ 31 ਜੁਲਾਈ ਤੱਕ 5 ਲੱਖ ਤੋਂ ਅਧਿਕ ਕੇਸ ਹੋ ਸਕਦੇ ਹਨ। ਆਪਦਾ ਪ੍ਰਬੰਧਨ ਦੀ ਬੈਠਕ ਤੋਂ ਬਾਅਦ ਉਪ ਰਾਜਪਾਲ ਅਨਿਲ ਬੈਜਲ ਨੇ ਦੁਪਹਿਰ 3 ਵਜੇ ਸਰਬ ਪਾਰਟੀ ਬੈਠਕ ਬੁਲਾਈ ਹੈ।

ਇਸ ਬੈਠਕ ਵਿਚ ਕੋਰੋਨਾ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਰੋਕਣ ਦੇ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂ ਇਸ ਬੈਠਕ ਵਿਚ ਸ਼ਾਮਲ ਹੋ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।