'ਕੋਰੋਨਾ ਦਾ Community Spread ਸ਼ੁਰੂ, ਪਰ ਮੰਨਣ ਲਈ ਤਿਆਰ ਨਹੀਂ ਕੇਂਦਰ'
ਰਾਜਧਾਨੀ ਦਿੱਲੀ ਵਿਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਹੁਣ 30 ਹਜ਼ਾਰ ਦੇ ਕਰੀਬ ਪਹੁੰਚ ਚੁੱਕੇ ਹਨ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਹੁਣ 30 ਹਜ਼ਾਰ ਦੇ ਕਰੀਬ ਪਹੁੰਚ ਚੁੱਕੇ ਹਨ। ਰਾਜਧਾਨੀ ਵਿਚ ਪਿਛਲੇ ਕੁਝ ਦਿਨ ਤੋਂ ਹਰ ਰੋਜ਼ 1000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਇਸ ਨੂੰ ਦੇਖਦੇ ਹੋਏ ਦਿੱਲੀ ਦੇ ਸਿਹਤ ਮੰਤਰੀ ਸਤਿਦਰ ਜੈਨ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਉਮੀਦ ਕਰ ਰਹੇ ਸੀ ਕਿ ਨਿੱਜੀ ਹਸਪਤਾਲਾਂ ਵਿਚ ਉਪਲਬਧ ਬੈੱਡ 15 ਦਿਨਾਂ ਤੱਕ ਦੇ ਮਰੀਜ਼ਾਂ ਲਈ ਮੌਜੂਦ ਰਹਿਣਗੇ ਪਰ ਕੋਰੋਨਾ ਰੋਗੀਆਂ ਲਈ ਰਾਖਵੇਂ ਬੈੱਡ 4-5 ਦਿਨਾਂ ਵਿਚ ਹੀ ਭਰ ਗਏ ਹਨ। ਹੁਣ ਸਾਨੂੰ ਬੈੱਡਾਂ ਦੀ ਸਮਰੱਥਾ ਨੂੰ ਵਧਾਉਣਾ ਹੋਵੇਗਾ।
ਜੈਨ ਨੇ ਕਿਹਾ ਕਿ ਦਿੱਲੀ ਏਮਜ਼ ਨੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਕੋਰੋਨਾ ਵਾਇਰਸ ਦੇ ਕਮਿਊਨਿਟੀ ਸਪਰੈੱਡ ਹੋਣ ਦੀ ਗੱਲ ਕਹੀ ਹੈ, ਪਰ ਕੇਂਦਰ ਸਰਕਾਰ ਅਧਿਕਾਰਕ ਤੌਰ 'ਤੇ ਇਸ ਨੂੰ ਸਵਿਕਾਰ ਨਹੀਂ ਕਰ ਰਹੀ।
ਉਹਨਾਂ ਨੇ ਦੱਸਿਆ ਕਿ ਕੋਰੋਨਾ ਦਾ ਕਮਿਊਨਿਟੀ ਫੈਲਾਅ ਉਸ ਵੇਲੇ ਹੁੰਦਾ ਹੈ ਜਦੋਂ ਅਜਿਹੇ ਕੇਸ ਹੁੰਦੇ ਹਨ, ਜਿਨ੍ਹਾਂ ਵਿਚ ਸੰਕਰਮਣ ਦੇ ਸਰੋਤ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਹੈ। ਸਾਡੇ ਕੋਲ ਸਿਰਫ ਅਜਿਹੇ ਅੱਧੇ ਕੇਸ ਹਨ ਜਿਨ੍ਹਾਂ ਵਿਚ ਇਸ ਵਾਇਰਸ ਦੇ ਸਰੋਤ ਦਾ ਪਤਾ ਨਹੀਂ ਲੱਗ ਸਕਿਆ ਹੈ।
ਪਰ ਅਸੀਂ ਇਸ ਨੂੰ ਕਮਿਊਨਿਟੀ ਫੈਲਾਅ ਸਿਰਫ ਉਦੋਂ ਕਹਿ ਸਕਦੇ ਹਾਂ ਜਦੋਂ ਕੇਂਦਰ ਸਰਕਾਰ ਇਸ ਨੂੰ ਸਵੀਕਾਰ ਲੈਂਦੀ ਹੈ। ਉਹਨਾਂ ਕਿਹਾ ਕਿ ਉਪ ਰਾਜਪਾਲ ਨਾਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੀ ਬੈਠਕ ਵਿਚ ਵੀ ਇਹ ਮੁੱਦਾ ਉਠਾਇਆ ਜਾਵੇਗਾ।
ਦੱਸ ਦਈਏ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਦੀ ਰਿਹਾਇਸ਼ 'ਤੇ ਕੋਵਿਡ -19 ਦੀ ਸਥਿਤੀ ਬਾਰੇ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਅਤੇ ‘ਕੀ ਇਹ ਕਮਿਊਨਿਟੀ ਫੈਲਾਅ ਹੈ’ ਬਾਰੇ ਵਿਚਾਰ ਚਰਚਾ ਲਈ ਪਹੁੰਚ ਗਏ ਹਨ। ਉਪ ਰਾਜਪਾਲ ਅਨਿਲ ਬੈਜਲ ਵੀ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ COVID-19 ਦੀ ਸਥਿਤੀ ਬਾਰੇ ਵਿਚਾਰ ਚਰਚਾ ਲਈ ਮੀਟਿੰਗ ਕਰਨਗੇ।