ਸਿੱਖਾਂ ਵੱਲੋਂ ਮੁੰਬਈ 'ਚ ਕੀਤੀ ਗਈ ਲੰਗਰ ਸੇਵਾ ਦੇਖ ਕੇ ਇਸ ਨੌਜਵਾਨ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲ ਹੀ ਵਿਚ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਪਨਵੇਲ ਦੇ ਗੁਰਦੁਆਰੇ ਦੇ...

Gurudwara Sahib Seva Sikh Langar Poor People

ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਜਦੋਂ ਸਕੇ ਸਬੰਧੀ ਆਪਣਿਆਂ ਦੇ ਸਸਕਾਰ ਤੱਕ ਕਰਨੋਂ ਭੱਜ ਰਹੇ ਸਨ ਤਾਂ ਸੰਕਟ ਦੀ ਇਸ ਘੜੀ ਮੌਕੇ ਅਸਲ ਵਿੱਚ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੁਝ ਸਮਾਜ ਸੇਵੀ ਸੰਸਥਾਵਾਂ ਸਾਹਮਣੇ ਆਈਆਂ ਜੋ ਬਿਨਾਂ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਕੀਤੇ ਦਿਨ ਰਾਤ ਸਮਾਜ ਸੇਵਾ ਵਿਚ ਜੁੱਟ ਗਈਆਂ ਅਤੇ ਲੋੜਵੰਦ ਗਰੀਬਾਂ, ਮਜ਼ਦੂਰ ਲੋਕਾਂ ਲਈ ਰਾਸ਼ਨ ਲੰਗਰ ਆਦਿ ਦਾ ਪ੍ਰਬੰਧ ਕਰਦੀਆਂ ਨਜ਼ਰੀਂ ਆਉਣ ਲੱਗੀਆਂ।

ਹਾਲ ਹੀ ਵਿਚ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਪਨਵੇਲ ਗੁਰਦੁਆਰੇ ਦੇ ਸਿੱਖਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਇਸ ਸੇਵਾ ਨੂੰ ਦੇਖ ਕੇ ਇਕ ਵਿਅਕਤੀ ਤਾਰੀਫਾਂ ਦੇ ਪੁਲ ਬੰਨ੍ਹ ਰਿਹਾ ਹੈ। ਉਸ ਨੇ ਇਕ ਵੀਡੀਓ ਰਾਹੀਂ ਦਿਖਾਇਆ ਕਿ ਸਿੱਖਾਂ ਵੱਲੋਂ ਲਗਭਗ 400 ਗਰੀਬ ਪਰਿਵਾਰਾਂ ਲਈ ਭੋਜਨ ਲਿਆਂਦਾ ਗਿਆ ਹੈ ਤੇ ਉਹ ਬੜੀ ਸੇਵਾ ਭਾਵਨਾ ਨਾਲ ਸੰਗਤ ਵਿਚ ਵਰਤਾਅ ਰਹੇ ਹਨ।

ਵੀਡੀਉ ਵਿਚ ਉਹ ਲੰਗਰ ਅਤੇ ਸਿੱਖਾਂ ਦੀਆਂ ਤਸਵੀਰਾਂ ਦਿਖਾ ਰਿਹਾ ਹੈ। ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਲਾਈਨਾਂ ਬਣਾ ਕੇ ਖਾਣਾ ਲੈਣ ਲਈ ਖੜੇ ਹਨ। ਉੱਥੇ ਕਾਮੋਟੇ ਦੇ ਗੁਰਦੁਆਰੇ ਦੇ ਸਿੰਘ ਆ ਕੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਲੰਗਰ ਦੇ ਕੇ ਜਾਂਦੇ ਹਨ।

ਸਿੱਖਾਂ ਦੀ ਤਾਰੀਫ ਕਰਦੇ ਹੋਏ ਨੌਜਵਾਨ ਨੇ ਅੱਗੇ ਕਿਹਾ ਕਿ ਇਹਨਾਂ ਸਿੱਖਾਂ ਨੇ ਉਸ ਨੂੰ ਵੀਡੀਉ ਬਣਾਉਣ ਲਈ ਨਹੀਂ ਕਿਹਾ ਉਹ ਆਪ ਹੀ ਲੋਕਾਂ ਨੂੰ ਦਿਖਾ ਰਿਹਾ ਹੈ ਕਿ ਕਿਵੇਂ ਗੁਰੂ ਦੇ ਸਿੰਘ ਗਰੀਬਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਉਹਨਾਂ ਨੂੰ ਦੁਨੀਆ ਦੇਖੇ ਨਾ ਦੇਖੇ ਪਰ ਉਹ ਪ੍ਰਮਾਤਮਾ ਜ਼ਰੂਰ ਦੇਖਦਾ ਹੈ।

ਉਸ ਨੂੰ ਪਤਾ ਹੈ ਕਿ ਕੌਣ ਕੀ ਕਰ ਰਿਹਾ ਹੈ। ਉਹ ਦੇਖ ਰਿਹਾ ਹੈ ਕਿ ਉਸ ਦੇ ਸੇਵਾਦਾਰ ਕੀ ਕਰ ਰਹੇ ਹਨ। ਜੇ ਕੋਈ ਕਿਸੇ ਨਾਲ ਗਲਤ ਕਰਦਾ ਹੈ ਤਾਂ ਉਸ ਦਾ ਬਦਲਾ ਵੀ ਉਹ ਪ੍ਰਮਾਤਮਾ ਹੀ ਲਵੇਗਾ। ਬੁਰੇ ਸਮੇਂ ਵਿਚ ਕੌਣ ਖੜ੍ਹਾ ਸੀ ਜਾਂ ਕਿਸੇ ਨੇ ਰਾਸ਼ਨ ਵੰਡਿਆ, ਕਿਸ ਨੇ ਲੰਗਰ ਦੀ ਸੇਵਾ ਕੀਤੀ ਉਸ ਕੋਲ ਇਸ ਸਾਰੇ ਦਾ ਹਿਸਾਬ-ਕਿਤਾਬ ਪਿਆ ਹੈ।

ਵੀਡੀਉ ਵਿਚ ਉਸ ਨੇ ਦਿਖਾਇਆ ਕਿ ਕਿਵੇਂ ਛੋਟੇ ਬੱਚੇ ਵੀ ਝਾੜੂ ਦੀ ਸੇਵਾ ਕਰ ਰਹੇ ਹਨ ਤੇ ਨਾਲ ਹੀ ਦੂਜੇ ਸਿੱਖ ਗਰੀਬਾਂ ਲਈ ਰਾਸ਼ਨ ਪੈਕ ਕਰ ਰਹੇ ਹਨ। ਇਹ ਰਾਸ਼ਨ ਪੈਕ ਕਰਨ ਤੋਂ ਬਾਅਦ ਗਰੀਬਾਂ ਵਿਚ ਵੰਡਿਆ ਜਾਵੇਗਾ। ਇਸ ਤੋਂ ਇਲਾਵਾ ਉਸ ਨੇ ਗੁਰੂ ਘਰ ਦੀ ਰਸੋਈ ਦਿਖਾਈ ਤੇ ਉਸ ਦੀ ਰੱਜ ਕੇ ਤਾਰੀਫ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।