ਭੂਚਾਲ ਦੇ ਖ਼ਤਰੇ ਤੋਂ ਹਾਈ ਕੋਰਟ ਚਿੰਤਤ, ਸਰਕਾਰ ਤੋਂ ਮੰਗੀ ਪ੍ਰਬੰਧਾਂ ਸਬੰਧੀ ਰਿਪੋਰਟ!

ਏਜੰਸੀ

ਖ਼ਬਰਾਂ, ਰਾਸ਼ਟਰੀ

ਖ਼ਤਰੇ ਨਾਲ ਨਜਿੱਠਣ ਸਬੰਧੀ ਹਲਫ਼ਨਾਮਾ ਦਾਇਰ ਕਰਨ ਦੀ ਹਦਾਇਤ

Earthquake

ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਮੇਤ ਇਸ ਦੇ ਨਾਲ ਲਗਦੇ ਐਨਸੀਆਰ ਦੇ ਸ਼ਹਿਰਾਂ ਵਿਚ ਪਿਛਲੇ ਕਈ ਦਿਨਾਂ ਦੌਰਾਨ ਉਪਰ-ਥੱਲੀ ਆ ਰਹੇ ਭੂਚਾਲ ਦੇ ਝਟਕਿਆਂ ਕਾਰਨ ਲੋਕ ਦਹਿਸ਼ਤ 'ਚ ਹਨ। ਇਸੇ ਦਰਮਿਆਨ ਮੰਗਲਵਾਰ ਨੂੰ ਹੋਈ ਇਕ ਮਹੱਤਵਪੂਰਨ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਇਸ ਮੁੱਦੇ 'ਤੇ ਸਰਕਾਰ ਤੋਂ ਕੁੱਝ ਸਵਾਲ ਪੁੱਛੇ ਹਨ। ਅਦਾਲਤ ਨੇ ਅਪਣੇ ਹੁਕਮਾਂ 'ਚ ਕਿਹਾ ਹੈ ਕਿ ਦਿੱਲੀ ਸਰਕਾਰ ਅਤੇ ਇਸ ਨਾਲ ਸਬੰਧਤ ਸਾਰੇ ਸੰਗਠਨਾਂ ਨੂੰ ਭੂਚਾਲ ਦੇ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਬਾਰੇ ਦੱਸਣਾ ਹੋਵੇਗਾ। ਅਦਾਲਤ ਨੇ ਭੂਚਾਲ ਦੇ ਖ਼ਤਰੇ ਨਾਲ ਨਜਿੱਠਣ ਦੀ ਅਪਣੀ ਤਿਆਰੀ ਦੀ ਯੋਜਨਾ ਦੇ ਨਾਲ-ਨਾਲ ਇਸ ਨੂੰ ਕਿਵੇਂ ਲਾਗੂ ਕੀਤਾ ਜਾਣਾ ਹੈ? ਬਾਰੇ ਇਕ ਹਲਫ਼ਨਾਮਾ ਦਾਇਰ ਕਰਨ ਦੀਆਂ ਹਦਾਇਤਾਂ ਵੀ ਦਿਤੀਆਂ ਹਨ।

ਕਾਬਲੇਗੌਰ ਹੈ ਕਿ ਦਿੱਲੀ ਸਮੇਤ ਇਸ ਦੇ ਨੇੜਲੇ ਇਲਾਕਿਆਂ ਵਿਚ ਪਿਛਲੇ ਦੋ ਮਹੀਨਿਆਂ ਦੌਰਾਨ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸ ਦਰਮਿਆਨ ਦਿੱਲੀ ਵਿਚ 7 ਤੋਂ 8 ਭੂਚਾਲ ਦੇ ਝਟਕੇ ਆਏ ਜਦਕਿ ਐਨਸੀਆਰ ਦੇ ਸ਼ਹਿਰਾਂ ਵਿਚ ਹੁਣ ਤਕ 14 ਵਾਰ ਭੂਚਾਲ ਦੇ ਝਟਕਿਆਂ ਨਾਲ ਧਰਤੀ ਕੰਬ ਚੁੱਕੀ ਹੈ। ਬੀਤੇ ਕੱਲ੍ਹ ਸੋਮਵਾਰ ਨੂੰ ਵੀ ਰਾਜਧਾਨੀ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਵੇਂ ਰਿਕਟਰ ਸਕੇਲ 'ਤੇ 2.1 ਦੀ ਤੀਬਰਤਾ ਵਾਲੇ ਇਸ ਭੂਚਾਲ ਕਾਰਨ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਅੰਦਰ ਇਨ੍ਹਾਂ ਝਟਕਿਆਂ ਤੋਂ ਬਾਅਦ ਦਹਿਸ਼ਤ ਪਾਈ ਜਾ ਰਹੀ ਹੈ।

ਨੈਸ਼ਨਲ ਸੀਜ਼ਮੋਲੋਜੀ ਸੈਂਟਰ (ਐਨਸੀਐਸ) ਦੇ ਡਾਇਰੈਕਟਰ (ਆਪਰੇਸ਼ਨ) ਜੇ.ਐਲ. ਗੋਤਮ ਮੁਤਾਬਕ ਇਹ ਭੂਚਾਲ ਦੁਪਹਿਰ 1 ਵੱਜ ਕੇ 38 ਮਿੰਟ 'ਤੇ ਆਇਆ ਸੀ। ਇਸ ਦਾ ਕੇਂਦਰ ਦਿੱਲੀ-ਗੁਰੂਗ੍ਰਾਮ ਬਾਰਡਰ ਸੀ। ਇਸ ਸਮੇਂ ਤੇਜ਼ ਧੁੱਪ ਪੈ ਰਹੀ ਸੀ, ਜਿਸ ਕਾਰਨ ਜ਼ਿਆਦਾਤਰ ਲੋਕ ਘਰਾਂ ਦੇ ਅੰਦਰ ਹੀ ਸਨ। ਭੂਚਾਲ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਕੁੱਝ ਦੇਰ ਦੀ ਥਰਥਰਾਹਟ ਬਾਅਦ ਸਭ ਕੁੱਝ ਸ਼ਾਂਤ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਦੱਸਣਾ ਬਣਦਾ ਹੈ ਕਿ ਰਾਜਧਾਨੀ ਦਿੱਲੀ ਸਿਸਮਕ ਜ਼ੋਨ ਚਾਰ ਵਿਚ ਸ਼ਾਮਲ ਹੈ। ਬੀਤੀ 12 ਅਪ੍ਰੈਲ ਤੋਂ ਹੁਣ ਤਕ ਇੱਥੇ ਭੂਚਾਲ ਦੇ 7 ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।  ਪਹਿਲਾ ਭੂਚਾਲ 12 ਅਤੇ 13 ਅਪ੍ਰੈਲ ਨੂੰ ਆਇਆ।  ਇਸ ਦਰਮਿਆਨ 24 ਘੰਟਿਆਂ ਦੇ ਸਮੇਂ ਅੰਦਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਕ੍ਰਮਵਾਰ 16 ਅਪ੍ਰੈਲ, 3, 10 ਅਤੇ 15 ਮਈ 2020 ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 3.5 ਮਾਪੀ ਗਈ ਸੀ।

ਸੂਤਰਾਂ ਮੁਤਾਬਕ ਦਿੱਲੀ ਸਮੇਤ ਐਨਆਰਸੀ ਦਾ ਸਾਰਾ ਇਲਾਕਾ ਸੀਸਮਿਕ ਜ਼ੋਨ-4 ਅਧੀਨ ਆਉਂਦਾ ਹੈ, ਜਿੱਥੇ ਵੱਡੇ ਭੂਚਾਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹੀ ਕਾਰਨ ਹੈ ਕਿ ਹਲਕੇ ਜਿਹੇ ਭੂਚਾਲ ਦੇ ਝਟਕੇ ਤੋਂ ਬਾਅਦ ਵੀ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।