ਪੁਲਿਸ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਪੁਲਿਸ ਤੇ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਅੱਜ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਦਿਲਪ੍ਰੀਤ ....

Dilpreet Baba

ਚੰਡੀਗੜ੍ਹ : ਪੰਜਾਬ ਪੁਲਿਸ ਤੇ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਅੱਜ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਦਿਲਪ੍ਰੀਤ ਬਾਬਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦਿਲਪ੍ਰੀਤ ਬਾਬਾ ਨੂੰ ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਸਟੈਂਡ ਦੇ ਨੇੜਿਓਂ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕੀਤਾ ਗਿਆ। ਦਿਲਪ੍ਰੀਤ ਸਵਿਫਟ ਡਿਜ਼ਾਇਰ ਗੱਡੀ ਵਿਚ ਸਵਾਰ ਸੀ। ਪੁਲਿਸ ਨੂੰ ਦੇਖਦਿਆਂ ਹੀ ਉਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਕਾਬਲੇ ਦੌਰਾਨ ਉਸ ਦੇ ਪੈਰ 'ਤੇ ਗੋਲੀਆਂ ਲੱਗੀਆਂ,

ਜਿਸ ਤੋਂ ਬਾਅਦ ਜ਼ਖ਼ਮੀ ਹੋਏ ਦਿਲਪ੍ਰੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਇੰਝ ਹੋਇਆ ਦਿਲਪ੍ਰੀਤ ਨਾਲ ਐਨਕਾਊਂਟਰ : ਪੁਲਿਸ ਸੂਤਰਾਂ ਨੇ ਦਸਿਆ ਕਿ ਸਰਪੰਚ ਹੱਤਿਆ ਕੇਸ ਵਿਚ ਚੰਡੀਗੜ੍ਹ ਪੁਲਿਸ ਨੂੰ ਲੋੜੀਂਦੇ ਗੈਂਗਸਟਰ ਦਿਲਪ੍ਰੀਤ ਢਾਹਾਂ ਦੀ ਕਾਰ ਨੂੰ ਚੰਡੀਗੜ੍ਹ ਦੇ ਸੈਕਟਰ-43 ਦੀ ਪਿਛਲੀ ਸੜਕ ਤੇ ਕ੍ਰਾਈਮ ਬਰਾਂਚ ਦੀ ਟੀਮ ਨੇ ਘੇਰਾ ਪਾ ਲਿਆ। ਇਸ ਦੌਰਾਨ ਕ੍ਰਾਈਮ ਬ੍ਰਾਂਚ  ਦੇ ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ  ਅਤੇ ਉਨ੍ਹਾਂ ਦੀ ਟੀਮ ਨੇ ਜਦੋਂ ਦਿਲਪ੍ਰੀਤ ਨੂੰ ਸੁਰੱਖਿਅਤ ਫੜਨਾ ਚਾਹਿਆ ਤਾਂ ਉਹ ਮੌਕੇ ਤੋਂ ਭੱਜਣ ਲੱਗਾ।

 ਇੰਸਪੈਕਟਰ ਅਮਨਜੋਤ ਨੇ ਪਿੱਛਾ ਕਰਦੇ ਹੋਏ ਗੈਂਗਸਟਰ ਦੀ ਕਾਰ ਨੂੰ ਪਿੱਛਿਓਂ  ਟੱਕਰ ਮਾਰੀ। ਇਸ ਦੌਰਾਨ ਕਰੀਬ ਤਿੰਨ ਰੌਂਦ ਦੁਵੱਲੀ ਫਾਇਰਿੰਗ ਹੋਈ ਤੇ ਦਿਲਪ੍ਰੀਤ ਨੂੰ ਤਿੰਨ ਗੋਲੀਆਂ ਲੱਗੀਆਂ। ਇਕ ਗੋਲੀ ਉਸ ਦੇ ਪੱਟ ਵਿਚ ਜਾ ਲੱਗੀ ਅਤੇ ਉਹ ਲਹੂ ਲੁਹਾਣ ਹੋ ਗਿਆ। ਮੌਕੇ 'ਤੇ ਪਹੁੰਚੀ ਥਾਣਾ ਪੁਲਿਸ ,  ਆਪਰੇਸ਼ਨ ਸੈਲ,  ਪੀਸੀਆਰ ਅਤੇ ਕਿਊਆਰਟੀ ਟੀਮਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿਤਾ ਅਤੇ ਫਿਰ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਉਸ ਨੂੰ ਇਲਾਜ ਲਈ ਪੀਜੀਆਈ ਹਸਪਤਾਲ ਵਿਖੇ ਲਿਜਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਪੀਜੀਆਈ ਹਸਪਤਾਲ ਦੇ ਬਾਹਰ ਵੱਡੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਬਿਨਾਂ ਪਾਸ ਦੇ ਹਸਪਤਾਲ ਅੰਦਰ ਜਾਣ ਤੋਂ ਮਨ੍ਹਾਂ ਕੀਤਾ ਗਿਆ ਹੈ। ਥੋੜ੍ਹੀ ਦੇਰ ਵਿਚ ਪੰਜਾਬ ਪੁਲਿਸ ਤੇ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਵਲੋਂ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ, ਜਿਸ ਦੌਰਾਨ ਉਹ ਤਫਤੀਸ਼ ਵਿਚ ਇਸ ਮੁਕਾਬਲੇ ਦੀ ਜਾਣਕਾਰੀ ਦੇਣਗੇ। ਦਿਲਪ੍ਰੀਤ ਨੇ ਕੁਝ ਮਹੀਨੇ ਪਹਿਲਾਂ ਪੰਜਾਬੀ ਸੈਲੇਬ੍ਰਿਟੀ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਉਹ ਸਰਪੰਚ ਸਤਨਾਮ ਦੇ ਕਤਲ ਮਾਮਲੇ ਵਿਚ ਵੀ ਪਿਛਲੇ 2 ਸਾਲਾਂ ਤੋਂ ਪੁਲਿਸ ਨੂੰ ਲੋੜੀਂਦਾ ਸੀ।