ਅਮਰਨਾਥ ਗੁਫ਼ਾ ਨੇੜੇ ਫਟਿਆ ਬੱਦਲ: ਹੁਣ ਤੱਕ ਕਰੀਬ 15 ਲੋਕਾਂ ਦੀ ਮੌਤ ਅਤੇ 40 ਤੋਂ ਵੱਧ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ITBP, CRPF, BSF, NDRF ਅਤੇ SDRF ਵੱਲੋਂ ਬਚਾਅ ਕਾਰਜ ਜਾਰੀ

Amarnath cloudburst

 

ਸ੍ਰੀਨਗਰ: ਜੰਮੂ-ਕਸ਼ਮੀਰ 'ਚ ਅਮਰਨਾਥ ਗੁਫਾ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਭਾਰੀ ਹੜ੍ਹ ਵਿਚ ਕਈ ਸ਼ਰਧਾਲੂ ਰੁੜ੍ਹ ਗਏ। ਹੁਣ ਤੱਕ 15 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। 45 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜਦਕਿ 40 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਮੁਹਿੰਮ ਜਾਰੀ ਹੈ।

Amarnath cloudburst

ITBP ਅਤੇ NDRF ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਹਨ। ਰਾਹਤ ਅਤੇ ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਹੇ। ਸ਼ਨੀਵਾਰ ਸਵੇਰ ਤੋਂ ਇਕ ਵਾਰ ਫਿਰ ਤੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ।  ਬਚਾਅ ਮੁਹਿੰਮ ਦੇ ਹਿੱਸੇ ਵਜੋਂ ਅੱਜ ਸਵੇਰੇ 6 ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ। ਨੀਲਾਗਰ ਹੈਲੀਪੈਡ 'ਤੇ ਮੈਡੀਕਲ ਟੀਮਾਂ ਮੌਜੂਦ ਹਨ। ਪਹਾੜੀ ਬਚਾਅ ਦਲ ਅਤੇ ਹੋਰ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ।

Amarnath cloudburst

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। LG ਵੱਲੋਂ ਦੱਸਿਆ ਗਿਆ ਹੈ ਕਿ CRPF, NDRF, SDRF, BSF, ਫੌਜ, ਸਥਾਨਕ ਪੁਲਿਸ ਅਤੇ ਸ਼ਰਾਈਨ ਬੋਰਡ ਵੱਲੋਂ ਬਚਾਅ ਕਾਰਜ ਜਾਰੀ ਹੈ। ਜ਼ਖਮੀਆਂ ਨੂੰ ਬਚਾਉਣ ਲਈ ALH ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ।

Amarnath yatra

ਸ਼ਰਧਾਲੂਆਂ ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੀਐਮਓ ਗਾਂਦਰਬਲ ਡਾਕਟਰ ਅਫਰੋਜ਼ਾ ਸ਼ਾਹ ਨੇ ਦੱਸਿਆ ਕਿ ਫਿਲਹਾਲ ਸਾਰੇ ਜ਼ਖਮੀਆਂ ਦਾ ਇਲਾਜ ਤਿੰਨੋਂ ਬੇਸ ਹਸਪਤਾਲਾਂ ਵਿਚ ਚੱਲ ਰਿਹਾ ਹੈ। ਜ਼ਖਮੀਆਂ ਦੇ ਬਿਹਤਰ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ।