ਅਤਿ ਆਧੁਨਿਕ ਸਿਹਤ ਸਹੂਲਤਾਂ ਦੇਣ ਦੀ ਥਾਂ ਲੋਕਾਂ ਨੂੰ ‘ਗਊ ਮੂਤਰ’ ਪਿਲਾਉਣ ’ਤੇ ਤੁਲੀ ਮੋਦੀ ਸਰਕਾਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਨੇ ਗਊ ਮੂਤ ਨੂੰ ਦੱਸਿਆ ਕੈਂਸਰ ਦੇ ਇਲਾਜ ਲਈ ਕਾਰਗਰ

the Modi government on feeding people 'cow urine'!

ਦੇਸ਼ ਵਿਚ ਲੱਖਾਂ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ। ਘਰਾਂ ਦੇ ਘਰ ਇਸ ਭਿਆਨਕ ਬਿਮਾਰੀ ਨੇ ਖ਼ਾਲੀ ਕਰ ਦਿੱਤੇ ਹਨ ਪਰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਅਸ਼ਵਨੀ ਕੁਮਾਰ ਚੌਬੇ ਦਾ ਕਹਿਣਾ ਹੈ ਕਿ ਗਊ ਮੂਤਰ ਦੇ ਸੇਵਨ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਆਯੁਸ਼ ਮੰਤਰਾਲੇ ਵੱਲੋਂ ਗਊ ਮੂਤਰ ਤੋਂ ਕੈਂਸਰ ਦੇ ਇਲਾਜ ਦੀਆਂ ਦਵਾਈਆਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਦੇ ਇਸ ਬਿਆਨ ’ਤੇ ਹੈਰਾਨੀ ਹੁੰਦੀ ਹੈ

ਕਿ ਦੇਸ਼ ਵਿਚ 25 ਲੱਖ ਤੋਂ ਜ਼ਿਆਦਾ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹਨ। ਜੇਕਰ ਵਿਸ਼ਵ ਪੱਧਰ ਦੀ ਗੱਲ ਕਰੀਏ ਤਾਂ ਇਹ ਅੰਕੜਾ ਹੋਰ ਵੀ ਜ਼ਿਆਦਾ ਵਧ ਜਾਵੇਗਾ। ਕੇਂਦਰੀ ਮੰਤਰੀ ਦੇ ਕਹਿਣ ਮੁਤਾਬਕ ਜੇਕਰ ਕੈਂਸਰ ਦਾ ਇਲਾਜ ਗਊ ਮੂਤਰ ਵਿਚ ਛੁਪਿਆ ਹੋਇਆ ਹੈ ਤਾਂ ਫਿਰ ਭਾਰਤੀ ਨੇਤਾ ਕੈਂਸਰ ਦਾ ਇਲਾਜ ਕਰਵਾਉਣ ਲਈ ਵਿਦੇਸ਼ਾਂ ਵੱਲ ਕਿਉਂ ਭੱਜਦੇ ਹਨ।  ਰਾਸ਼ਟਰੀ ਜਨਤਾ ਦਲ ਦੇ ਨੇਤਾ ਮਨੋਜ ਝਾਅ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਤਾਂ ਇੰਝ ਬਿਆਨ ਦੇ ਰਹੇ ਹਨ ਜਿਵੇਂ ਉਨ੍ਹਾਂ ਨੇ ਇਸ ’ਤੇ ਕੋਈ ਖੋਜ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਹੈਰਾਨੀ ਹੁੰਦੀ ਹੈ ਕਿ ਅਜਿਹੇ ਗਿਆਨਵਾਨ ਨੇਤਾ ਭਾਜਪਾ ਵਿਚ ਹੀ ਕਿਉਂ ਪੈਦਾ ਹੁੰਦੇ ਹਨ।

ਬੀਤੇ ਦਿਨੀਂ ਜਦੋਂ ਪਤੰਜਲੀ ਦੇ ਸੀਈਓ ਬਾਲ ਕਿਸ਼ਨ ਨੂੰ ਬਿਮਾਰ ਹੋਣ ਮਗਰੋਂ ਏਮਜ਼ ਵਿਚ ਭਰਤੀ ਕਰਵਾਇਆ ਗਿਆ ਤਾਂ ਲੋਕਾਂ ਨੇ ਕਾਫ਼ੀ ਸਵਾਲ ਉਠਾਏ ਕਿ ਲੋਕਾਂ ਨੂੰ ਗਊ ਮੂਤਰ ਜਾਂ ਹੋਰ ਦੇਸੀ ਦਵਾਈਆਂ ਵੇਚਣ ਵਾਲੇ ਖ਼ੁਦ ਕਿਵੇਂ ਬਿਮਾਰ ਹੋ ਗਏ। ਕਿਉਂ ਉਨ੍ਹਾਂ ਨੂੰ ਐਲੋਪੈਥਿਕ ਡਾਕਟਰਾਂ ਦੀ ਲੋੜ ਪਈ। ਕੀ ਉਨ੍ਹਾਂ ਦਾ ਇਲਾਜ ਉਨ੍ਹਾਂ ਦੀਆਂ ਖ਼ੁਦ ਦੀਆਂ ਬਣਾਈਆਂ ਦਵਾਈਆਂ ਨਾਲ ਨਹੀਂ ਕੀਤਾ ਜਾ ਸਕਦਾ ਸੀ? ਕੇਂਦਰ ਸਰਕਾਰ ਸੜਕਾਂ ’ਤੇ ਅਵਾਰਾ ਘੁੰਮ ਰਹੀਆਂ ਗਾਵਾਂ ਨੂੰ ਲੈ ਕੇ ਇੰਨੀ ਗੰਭੀਰ ਨਹੀਂ ਜਾਪ ਰਹੀ। ਜਿੰਨੀ ਲੋਕਾਂ ਨੂੰ ਗਊ ਮੂਤਰ ਪਿਲਾਉਣ ਵਿਚ ਜਾਪ ਰਹੀ ਹੈ।

ਕਿਉਂਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਸਟਾਰਟਅੱਪ ਕੰਪਨੀਆਂ ਨੂੰ ਬੜ੍ਹਾਵਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਗਾਂ ਦੇ ਗੋਬਰ ਅਤੇ ਮੂਤਰ ਤੋਂ ਬਣੇ ਪ੍ਰੋਡਕਟਾਂ ’ਤੇ ਕੰਮ ਕਰਦੀਆਂ ਹੋਣ। ਸਰਕਾਰ ਵੱਲੋਂ ਅਜਿਹੀਆਂ ਕੰਪਨੀਆਂ ਨੂੰ ਇਸ ਕਾਰੋਬਾਰ ਦੇ ਲਈ 60 ਫ਼ੀਸਦੀ ਤਕ ਦੀ ਮਦਦ ਦਿੱਤੀ ਜਾ ਸਕਦੀ ਹੈ। ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਇੰਝ ਜਾਪਦਾ ਹੈ ਕਿ ਸਰਕਾਰ ਲੋਕਾਂ ਦੀਆਂ ਸਹੂਲਤਾਂ ਲਈ ਏਮਜ਼ ਵਰਗੇ ਅਤਿ ਆਧੁਨਿਕ ਹਸਪਤਾਲ ਖੋਲ੍ਹਣ ਦੀ ਬਜਾਏ ਗਊ ਮੂਤਰ ਨਾਲ ਹੀ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਨ ਨੂੰ ਫਿਰਦੀ ਹੈ ਜਦਕਿ ਸਿਆਸੀ ਨੇਤਾ ਥੋੜ੍ਹੀ ਜਿਹੀ ਛਿੱਕ ਆਉਣ ’ਤੇ ਵੀ ਏਮਜ਼ ਵਿਚ ਭਰਤੀ ਹੋ ਜਾਂਦੇ ਹਨ। ਖ਼ੈਰ ਲੋਕਾਂ ਨੂੰ ਦੁੱਧ ਮਿਲੇ ਨਾ ਮਿਲੇ ਪਰ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਗਊ ਮੂਤਰ ਅਤੇ ਗੋਬਰ ਤੋਂ ਬਣੇ ਪ੍ਰੋਡਕਟ ਜ਼ਰੂਰ ਆਮ ਹੀ ਮਿਲਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।