ਮਨੀਪੁਰ : ਪੱਲੇਲ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋਈ
ਟੋਰਬੰਗ ’ਚ ਅਪਣੇ ਛੱਡੇ ਘਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਹਜ਼ਾਰਾਂ ਲੋਕ
ਇੰਫ਼ਾਲ: ਮਨੀਪੁਰ ਦੇ ਤੇਂਗਨੋਉਪਲ ਜ਼ਿਲ੍ਹੇ ਦੇ ਪੱਲੇਲ ਇਲਾਕੇ ’ਚ ਸ਼ੁਕਰਵਾਰ ਨੂੰ ਹਿੰਸਾ ’ਚ ਗੰਭੀਰ ਰੂਪ ’ਚ ਜ਼ਖ਼ਮੀ ਇਕ ਵਿਅਕਤੀ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਨਾਲ ਇਲਾਕੇ ’ਚ ਹਿੰਸਾ ’ਚ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਸੁਰਖਿਆ ਬਲਾਂ ਅਤੇ ਹਥਿਆਰਬੰਦ ਸਮੂਹ ਵਿਚਕਾਰ ਗੋਲੀਬਾਰੀ ’ਚ ਇਕ ਵਿਅਕਤੀ ਦੇ ਸਿਰ ’ਚ ਗੋਲੀ ਲੱਗੀ ਸੀ ਅਤੇ ਇੰਫ਼ਾਲ ਦੇ ‘ਰੀਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ’ (ਰਿਮਸ) ’ਚ ਇਲਾਜ ਦੌਰਾਨ ਰਾਤ ’ਚ ਉਸ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਬਹੁਗਿਣਤੀ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਆਦਿਵਾਸੀ ਪਿੰਡਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਇਸ ਘਟਨਾ ’ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਫ਼ੌਜ ਦੇ ਇਕ ਮੇਜਰ ਸਮੇਤ 50 ਲੋਕ ਜ਼ਖ਼ਮੀ ਹੋ ਗਏ। ਮਨੀਪੁਰ ’ਚ ਪੱਲੇਲ ਇਲਾਕੇ ਨੇੜੇ ਮੋਲਨੋਈ ਪਿੰਡ ’ਚ ਸ਼ੁਕਰਵਾਰ ਸਵੇਰੇ ਸੁਰਖਿਆ ਬਲਾਂ ਅਤੇ ਹਥਿਆਰਬੰਦ ਸਮੂਹ ਵਿਚਕਾਰ ਗੋਲਬਾਰੀ ਹੋਈ। ਇਹ ਲੋਕ ਪਿੰਡ ’ਚ ਅੱਗਜ਼ਨੀ ਕਰਨ ਅਤੇ ਹਿੰਸਾ ਫੈਲਾਉਣ ਲਈ ਜਾ ਰਹੇ ਸਨ।
ਅਧਿਕਾਰੀਆਂ ਅਨੁਸਾਰ ਜਦੋਂ ਗੋਲੀਬਾਰੀ ਦੀ ਖ਼ਬਰ ਫੈਲੀ ਤਾਂ ਮੀਰਾ ਪਾਈਬਿਸ ਅਤੇ ਅਰਬਾਈ ਟੇਂਗੋਲ ਨੇ ਕਮਾਂਡੋ ਵਰਦੀ ਪਹਿਨੇ ਮੈਤੇਈ ਲੋਕਾਂ ਨਾਲ ਸੁਰੱਖਿਆ ਚੌਕੀਆਂ ਨੂੰ ਤੋੜਦੇ ਹੋਏ ਪੱਲੇਲ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪੱਲੇਲ ’ਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਬਲਾਂ ਨੇ ਰੋਕਿਆ ਤਾਂ ਪੁਲਿਸ ਦੀ ਵਰਦੀ ਪਹਿਨੇ ਅਤੇ ਭੀੜ ’ਚ ਸ਼ਾਮਲ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ ਜਿਸ ’ਚ ਇਕ ਫੌਜੀ ਮੇਜਰ ਜ਼ਖਮੀ ਹੋ ਗਿਆ। ਅਧਿਕਾਰੀ ਨੂੰ ਹੈਲੀਕਾਪਟਰ ਰਾਹੀਂ ਲੀਮਾਖੋਂਗ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ’ਚ ਤਿੰਨ ਹੋਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।
ਅਧਿਕਾਰੀ ਨੇ ਦਸਿਆ ਕਿ ਜਵਾਨਾਂ ਨੇ ਭੀੜ ਨੂੰ ਖਿੰਡਾਉਣ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ। ਉਨ੍ਹਾਂ ਅੱਥਰੂ ਗੈਸ ਦੇ ਗੋਲੇ ਛੱਡੇ ਜਿਸ ’ਚ 45 ਤੋਂ ਵੱਧ ਔਰਤਾਂ ਜ਼ਖ਼ਮੀ ਹੋ ਗਈਆਂ। ਅਧਿਕਾਰੀ ਮੁਤਾਬਕ ਸ਼ੁਕਰਵਾਰ ਨੂੰ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ’ਚ 48 ਵਰ੍ਹਿਆਂ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਭੀੜ ਨੂੰ ਕਾਬੂ ਕਰਨ ਲਈ ਇੰਫਾਲ ਤੋਂ ਪੱਲੇਲ ਵਲ ਜਾ ਰਹੇ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਨੂੰ ਥੌਬਲ ਵਿਖੇ ਮੀਰਾ ਪਾਈਬਿਸ ਸਮੇਤ ਸਥਾਨਕ ਲੋਕਾਂ ਨੇ ਰੋਕ ਲਿਆ।
ਘਟਨਾ ਤੋਂ ਦੋ ਦਿਨ ਪਹਿਲਾਂ, ਹਜ਼ਾਰਾਂ ਪ੍ਰਦਰਸ਼ਨਕਾਰੀ ਬਿਸ਼ਨੂਪੁਰ ਜ਼ਿਲ੍ਹੇ ਦੇ ਫੂਗਾਕਚਾਓ ਇਖਾਈ ਇਲਾਕੇ ’ਚ ਇਕੱਠੇ ਹੋਏ ਸਨ ਅਤੇ ਟੋਰਬੰਗ ’ਚ ਅਪਣੇ ਖ਼ਾਲੀ ਪਏ ਘਰਾਂ ਤਕ ਪਹੁੰਚਣ ਲਈ ਫੌਜ ਦੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਲੋਕਾਂ ਨੇ ਦਾਅਵਾ ਕੀਤਾ ਕਿ ਉਹ ਟੋਰਬੰਗ ’ਚ ਅਪਣੇ ਛੱਡੇ ਹੋਏ ਘਰਾਂ ਤਕ ਪਹੁੰਚਣਾ ਚਾਹੁੰਦੇ ਸਨ, ਪਰ ਸੁਰੱਖਿਆ ਸੂਤਰਾਂ ਨੇ ਦੋਸ਼ ਲਾਇਆ ਕਿ ਭੀੜ ਆਦਿਵਾਸੀਆਂ ’ਤੇ ਹਮਲਾ ਕਰਨਾ ਅਤੇ ਉਨ੍ਹਾਂ ਦੇ ਘਰਾਂ ਨੂੰ ਤੋੜਨਾ ਚਾਹੁੰਦੀ ਹੈ।ਸਾਵਧਾਨੀ ਦੇ ਤੌਰ ’ਤੇ ਵਿਰੋਧ ਪ੍ਰਦਰਸ਼ਨ ਤੋਂ ਇਕ ਦਿਨ ਪਹਿਲਾਂ ਮਨੀਪੁਰ ਦੇ ਸਾਰੇ ਪੰਜ ਵਾਦੀ ਜ਼ਿਲ੍ਹਿਆਂ ਵਿਚ ਮੁੜ ਮੁਕੰਮਲ ਕਰਫਿਊ ਲਾ ਦਿਤਾ ਗਿਆ ਸੀ।