ਭਾਰਤ ਨੇ ਸੁਖੋਈ ਲੜਾਕੂ ਜਹਾਜ਼ ਨਾਲ ਕੀਤਾ ਐਂਟੀ ਰੇਡੀਏਸ਼ਨ ਮਿਸਾਇਲ Rudram 1 ਦਾ ਸਫ਼ਲ ਪਰੀਖਣ
ਭਾਰਤੀ ਹਵਾਈ ਫੌਜ ਲਈ ਬਣਾਈ ਗਈ ਦੇਸ਼ ਦੀ ਪਹਿਲੀ ਸਵਦੇਸ਼ੀ ਐਂਟੀ ਰੇਡੀਏਸ਼ਨ ਮਿਸਾਇਲ ਹੈ 'ਰੂਦਰਮ'
ਨਵੀਂ ਦਿੱਲੀ: ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਇਕ ਵਾਰ ਫਿਰ ਦੇਸ਼ ਵਿਚ ਇਤਿਹਾਸ ਰਚ ਦਿੱਤਾ ਹੈ। ਡੀਆਰਡੀਓ ਨੇ ਸ਼ੁੱਕਰਵਾਰ ਨੂੰ ਪੂਰਬੀ ਤੱਟ ਤੋਂ ਸੁਖੋਈ-30 ਲੜਾਕੂ ਜਹਾਜ਼ ਨਾਲ ਐਂਟੀ ਰੇਡੀਏਸ਼ਨ ਮਿਸਾਇਲ 'ਰੂਦਰਮ' ਦਾ ਸਫ਼ਲ ਪਰੀਖਣ ਕੀਤਾ। ਇਸ ਮਿਸਾਇਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਵਿਕਸਿਤ ਕੀਤਾ ਹੈ।
ਡੀਆਰਡੀਓ ਨੇ ਕਿਹਾ, 'ਰੂਦਰਮ ਭਾਰਤੀ ਹਵਾਈ ਫੌਜ ਲਈ ਬਣਾਈ ਗਈ ਦੇਸ਼ ਦੀ ਪਹਿਲੀ ਸਵਦੇਸ਼ੀ ਐਂਟੀ ਰੇਡੀਏਸ਼ਨ ਮਿਸਾਇਲ ਹੈ, ਜਿਸ ਨੂੰ ਡੀਆਰਡੀਓ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਮਿਸਾਇਲ ਨੂੰ ਲਾਂਚ ਪਲੇਟਫਾਰਮ ਦੇ ਰੂਪ ਵਿਚ ਸੁਖੋਈ ਐਸਯੂ-30 ਐਮਕੇਆਈ ਲੜਾਕੂ ਜਹਾਜ਼ ਵਿਚ ਤਿਆਰ ਕੀਤਾ ਗਿਆ ਹੈ, ਇਸ ਵਿਚ ਲਾਂਚ ਸਥਿਤੀਆਂ ਦੇ ਅਧਾਰ 'ਤੇ ਵੱਖ-ਵੱਖ ਰੇਂਜ ਦੀ ਸਮਰੱਥਾ ਹੈ'।
ਡੀਆਰਡੀਓ ਨੇ ਅੱਗੇ ਕਿਹਾ, 'ਇਸ ਵਿਚ ਅੰਤਿਮ ਹਮਲੇ ਲਈ ਪੈਸਿਵ ਹੋਮਿੰਗ ਹੈਡ ਦੇ ਨਾਲ ਆਈਐਨਐਸ-ਜੀਪੀਐਸ ਨੇਵੀਗੇਸ਼ਨ ਹੈ। ਪੈਸਿਵ ਹੋਮਿੰਗ ਹੈਡ ਇਕ ਵਿਸਥਾਰ ਬੈਂਡ 'ਤੇ ਟੀਚੇ ਦਾ ਪਤਾ ਲਗਾਉਣ, ਟੀਚੇ ਦਾ ਵਰਗੀਕਰਣ ਕਰਨ ਅਤੇ ਉਸ ਨੂੰ ਉਲਝਾਉਣ ਦੇ ਕਾਬਲ ਹੈ'।
ਇਹ ਮਿਸਾਇਲ ਭਾਰਤ ਵਿਚ ਤਿਆਰ ਕੀਤੀ ਗਈ ਪਹਿਲੀ ਮਿਸਾਇਲ ਹੈ, ਜਿਸ ਨੂੰ ਕਿਸੇ ਵੀ ਉਚਾਈ ਤੋਂ ਦਾਗਿਆ ਜਾ ਸਕਦਾ ਹੈ। ਮਿਸਾਇਲ ਕਿਸੇ ਵੀ ਤਰ੍ਹਾਂ ਦੇ ਸਿਗਨਲ ਅਤੇ ਰੇਡੀਏਸ਼ਨ ਨੂੰ ਕਾਬੂ ਕਰਨ ਦੇ ਕਾਬਲ ਹੈ। ਫਿਲਹਾਲ ਮਿਸਾਇਲ ਵਿਕਾਸ ਟ੍ਰਾਇਲ ਵਿਚ ਜਾਰੀ ਹੈ।
ਟ੍ਰਾਇਲ ਪੂਰਾ ਹੋਣ ਤੋਂ ਬਾਅਦ ਜਲਦ ਹੀ ਇਹਨਾਂ ਨੂੰ ਸੁਖੋਈ ਅਤੇ ਸਵਦੇਸ਼ੀ ਜਹਾਜ਼ ਤੇਜਸ ਵਿਚ ਵਰਤਿਆ ਜਾ ਸਕੇਗਾ। ਦੱਸ ਦਈਏ ਕਿ ਸੋਮਵਾਰ ਨੂੰ ਡੀਆਰਡੀਓ ਨੇ ਸੂਪਰਸੋਨਿਕ ਮਿਸਾਇਲ ਅਸਿਸਟਡ ਰਿਲੀਜ ਆਫ ਟਾਰਪੀਡੋ (ਸਮਾਰਟ) ਦਾ ਸਫਲ ਪਰੀਖਣ ਕੀਤਾ ਸੀ।