ਮੌਸਮ ਦਾ ਹਾਲ: ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਹੋ ਸਕਦੀ ਹੈ ਜ਼ੋਰਦਾਰ ਬਾਰਿਸ਼
11 ਤੋਂ 13 ਅਕਤੂਬਰ ਤੱਕ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਦੇ ਤੱਟੀ ਖੇਤਰਾਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ
ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਚੱਕਰਵਾਤ ਚੇਤਾਵਨੀ ਵਿਭਾਗ ਨੇ ਕਿਹਾ ਹੈ ਕਿ 9 ਅਕਤੂਬਰ ਨੂੰ ਉੱਤਰੀ ਅੰਡੇਮਾਨ ਸਾਗਰ ਵਿਚ ਇਕ ਨਵਾਂ ਘੱਟ ਦਬਾਅ ਦਾ ਖੇਤਰ ਬਣਨ ਦਾ ਅਨੁਮਾਨ ਹੈ। ਵਿਭਾਗ ਅਨੁਸਾਰ ਇਹ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਤੱਟ ਵੱਲ ਵਧ ਰਿਹਾ ਹੈ।
ਘੱਟ ਦਬਾਅ ਦਾ ਖੇਤਰ ਬਣਨ ਕਾਰਨ 2 ਦਿਨ ਬਾਅਦ 11 ਤੋਂ 13 ਅਕਤੂਬਰ ਤੱਕ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੇ ਤੱਟੀ ਖੇਤਰਾਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਇਕ ਰਿਪੋਰਟ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿਚ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ।
ਮੌਸਮੀ ਅਨੁਮਾਨਾਂ ਮੁਤਾਬਕ 9 ਤੋਂ 11 ਅਕਤੂਬਰ ਦੌਰਾਨ ਉੱਤਰ ਭਾਰਤ ਦੇ ਕੁਝ ਸੂਬਿਆਂ ਵਿਚ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਤੇਲੰਗਾਨਾ ਵਿਚ ਭਾਰੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਬਾਅਦ ਬਾਰਿਸ਼ ਦੱਖਣੀ ਭਾਰਤ ਦਾ ਰੁਖ ਕਰੇਗੀ, ਜਿੱਥੇ ਇਕ ਨਵਾਂ ਚੱਕਰਵਾਤ ਬੰਗਾਲ ਦੀ ਖਾੜੀ ਵਿਚ ਵਿਕਸਿਤ ਹੋ ਰਿਹਾ ਹੈ।
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 9 ਅਤੇ 10 ਅਕਤੂਬਰ ਨੂੰ ਬੰਗਾਲ ਦੀ ਦੱਖਣੀ-ਪੂਰਬੀ ਖਾੜੀ ਵਿਚ ਪੂਰਬੀ ਅੰਡੇਮਾਨ ਸਾਗਰ ਅਤੇ ਉਸ ਦੇ ਨਾਲ ਲੱਗਦੇ ਉੱਤਰ ਅੰਡੇਮਾਨ ਸਾਗਰ 'ਤੇ ਸਮੁੰਦਰੀ ਹਾਲਾਤ ਸੰਵੇਦਨਸ਼ੀਲ ਹੋ ਸਕਦੇ ਹਨ।
ਇਸ ਦੇ ਨਾਲ ਹੀ 10 ਅਤੇ 11 ਅਕਤੂਬਰ ਨੂੰ ਪੱਛਮੀ ਬੰਗਾਲ ਦੀ ਖਾੜੀ ਦੇ ਨਾਲ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੇ ਤੱਟ 'ਤੇ ਵੀ ਇਸ ਦਬਾਅ ਦਾ ਪ੍ਰਭਾਵ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਮਛਿਆਰਿਆਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ 11 ਅਕਤੂਬਰ ਨੂੰ ਸੁਮੰਦਰ ਵੱਲ ਨਾ ਜਾਣ।
ਦੱਸ ਦਈਏ ਕਿ ਅਕਸਰ ਹਰ ਅਕਤੂਬਰ ਦੇ ਮਹੀਨੇ ਵਿਚ ਬੰਗਾਲ ਦੀ ਖਾੜੀ ਵਿਚ ਚੱਕਰਵਾਤ ਆਉਂਦਾ ਹੈ। ਸਾਲ 2013 ਅਤੇ 2014 ਦੇ ਅਕਤੂਬਰ ਵਿਚ 'ਫੈਲਿਨ' ਅਤੇ 'ਹੁਦਹੁਦ' ਤੂਫਾਨ ਆਏ ਸਨ, ਜਿਨ੍ਹਾਂ ਨੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟਾਂ 'ਤੇ ਦਸਤਕ ਦਿੱਤੀ ਸੀ।