ਛਾਵਲਾ ਸਮੂਹਿਕ ਬਲਾਤਕਾਰ ਮਾਮਲਾ: ਦਿੱਲੀ ਵੂਮੈਨ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਵਲੋਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤ ਪਰਿਵਾਰ ਦੀ ਸੁਰੱਖਿਆ ਲਈ ਭੇਜਿਆ ਨੋਟਿਸ 

Swati Maliwal

ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ 19 ਸਾਲਾ ਸਮੂਹਿਕ ਬਲਾਤਕਾਰ ਪੀੜਤਾ ਦੇ ਪਰਿਵਾਰ ਨੂੰ ਬਚਾਉਣ ਦੇ ਮਾਮਲੇ 'ਚ ਖੁਦ ਨੋਟਿਸ ਲਿਆ ਹੈ। ਦੱਸ ਦੇਈਏ ਕਿ ਛਾਵਲਾ ਸਮੂਹਿਕ ਬਲਾਤਕਾਰ ਮਾਮਲੇ ਵਿਚ ਸੁਪ੍ਰੀਮ ਕੋਰਟ ਨੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਨੋਟਿਸ ਭੇਜਿਆ ਹੈ।

ਇਸ ਬਾਰੇ ਉਨ੍ਹਾਂ ਨੇ ਇੱਕ ਟਵੀਟ ਕਰ ਕੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ''ਛਾਵਲਾ ਸਮੂਹਿਕ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਮੈਂ ਦਿੱਲੀ ਪੁਲਿਸ ਨੂੰ ਪੀੜਿਤ ਪਰਿਵਾਰ ਦੀ ਸੁਰੱਖਿਆ ਲਈ ਨੋਟਿਸ ਜਾਰੀ ਕੀਤੀ ਹੈ। ਸਾਰੇ ਦੇਸ਼ ਨੂੰ ਪੀੜਤ ਪਰਿਵਾਰ ਨਾਲ ਖੜੇ ਰਹਿਣ ਦੀ ਲੋੜ ਹੈ।'' ਜ਼ਿਕਰਯੋਗ ਹੈ ਕਿਦਿੱਲੀ ਦੇ ਛਾਵਲਾ 'ਚ 2012 ਵਿੱਚ ਇੱਕ ਲੜਕੀ ਨੂੰ ਅਗਵਾ ਕੀਤਾ ਗਿਆ ਸੀ। ਅਗਵਾ ਤੋਂ ਤਿੰਨ ਦਿਨ ਬਾਅਦ ਉਸ ਦੀ ਲਾਸ਼ ਹਰਿਆਣਾ ਤੋਂ ਕੱਟੀ ਹੋਈ ਹਾਲਤ ਵਿਚ ਮਿਲੀ ਸੀ।

ਬੇਰਹਿਮੀ ਨਾਲ ਕਤਲ ਕਰਨ ਤੋਂ ਪਹਿਲਾਂ ਲੜਕੀ ਦਾ ਜਿਸਮਾਨੀ ਸ਼ੋਸ਼ਣ ਕੀਤਾ ਗਿਆ ਸੀ। ਇਸ ਮਾਮਲੇ ਵਿਚ 2014 ਵਿੱਚ ਹੇਠਲੀ ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਸੀ। ਦਿੱਲੀ ਦੀ ਮਾਣਯੋਗ ਹਾਈ ਕੋਰਟ ਨੇ ਵੀ ਇਸ ਕੇਸ ਨੂੰ ਦੁਰਲੱਭ ਕੇਸ ਮੰਨਦਿਆਂ ਫੈਸਲੇ ਨੂੰ ਬਰਕਰਾਰ ਰੱਖਿਆ। ਹੁਣ ਮਾਣਯੋਗ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਅਤੇ ਸੁਣਵਾਈ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਤਿੰਨਾਂ ਦੋਸ਼ੀਆਂ ਨੂੰ ਨਾਕਾਫ਼ੀ ਸਬੂਤਾਂ ਅਤੇ ਗਲਤ ਜਾਂਚ ਦੇ ਨਾਲ-ਨਾਲ ਕੁਝ ਹੋਰ ਖਾਮੀਆਂ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ ਹੈ।