BJP leader found dead in West Bengal: ਬੰਗਾਲ ’ਚ ਦਰੱਖਤ ਨਾਲ ਲਟਕਦੀ ਮਿਲੀ ਭਾਜਪਾ ਆਗੂ ਦੀ ਲਾਸ਼
ਪਾਰਟੀ ਵਲੋਂ ਸੀਬੀਆਈ ਜਾਂਚ ਦੀ ਮੰਗ
BJP leader found dead in West Bengal: ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਵਿਚ ਭਾਰਤੀ ਜਨਤਾ ਪਾਰਟੀ ਦੇ ਇਕ ਵਰਕਰ ਦੀ ਲਾਸ਼ ਲਟਕਦੀ ਮਿਲੀ। ਭਾਜਪਾ ਨੇ ਦੋਸ਼ ਲਾਇਆ ਕਿ ਇਸ ਪਿਛੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦਾ ਹੱਥ ਹੈ ਅਤੇ ਇਸ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਤ੍ਰਿਣਮੂਲ ਕਾਂਗਰਸ ਨੇ ਹਾਲਾਂਕਿ ਪਾਰਟੀ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਨੂੰ 'ਬੇਬੁਨਿਆਦ' ਕਰਾਰ ਦਿਤਾ ਹੈ। ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਜਾਂਚ ਦੇ ਨਤੀਜਿਆਂ ਦੀ ਉਡੀਕ ਕੀਤੀ ਜਾਣੀ ਚਾਹੀਦੀ ਹੈ।
ਮ੍ਰਿਤਕ ਭਾਜਪਾ ਵਰਕਰ ਦੀ ਪਛਾਣ ਸੁਭਦੀਪ ਮਿਸ਼ਰਾ ਵਜੋਂ ਹੋਈ ਹੈ ਅਤੇ ਉਸ ਦੀ ਲਾਸ਼ ਬਾਂਕੁਰਾ ਜ਼ਿਲ੍ਹੇ ਦੇ ਨਿਧੀਰਾਮਪੁਰ ਪਿੰਡ ਵਿਚ ਇਕ ਦਰੱਖਤ ਨਾਲ ਲਟਕਦੀ ਮਿਲੀ। ਉਸ ਦੇ ਹੱਥ ਬੰਨ੍ਹੇ ਹੋਏ ਸਨ। ਜਦੋਂ ਸਥਾਨਕ ਪੁਲਿਸ ਲਾਸ਼ ਨੂੰ ਚੁੱਕਣ ਲਈ ਪਹੁੰਚੀ ਤਾਂ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਸੀਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਦੋਸ਼ ਲਾਇਆ ਕਿ ਤ੍ਰਿਣਮੂਲ ਸਮਰਥਕਾਂ ਨੇ ਮਿਸ਼ਰਾ ਦੀ ਹਤਿਆ ਕੀਤੀ ਹੈ। ਇਲਾਕੇ ਦੇ ਲੋਕ ਮਿਸ਼ਰਾ ਨੂੰ ਦੀਪੂ ਦੇ ਨਾਂ ਨਾਲ ਜਾਣਦੇ ਸਨ। ਅਧਿਕਾਰੀ ਨੇ ਦੋਸ਼ ਲਗਾਇਆ, “ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਮਿਸ਼ਰਾ ਦੀ ਹਤਿਆ ਕਰ ਦਿਤੀ, ਉਸ ਦੇ ਹੱਥ ਬੰਨ੍ਹ ਦਿਤੇ ਅਤੇ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿਤਾ। ਉਹ 2023 ਦੀਆਂ ਪੰਚਾਇਤੀ ਚੋਣਾਂ ਵਿਚ ਨਿਧੀਰਾਮਪੁਰ ਤੋਂ ਭਾਜਪਾ ਦੇ ਉਮੀਦਵਾਰ ਸਨ। ਉਹ ਭ੍ਰਿਸ਼ਟਾਚਾਰ ਵਿਰੁਧ ਆਵਾਜ਼ ਉਠਾ ਰਿਹਾ ਸੀ ਅਤੇ ਉਸ ਦੀ ਲੋਕਪ੍ਰਿਅਤਾ ਵਧ ਰਹੀ ਸੀ। ਇਸ ਕਾਰਨ ਤ੍ਰਿਣਮੂਲ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ”।
ਪੁਲਿਸ ਜਾਂਚ ਵਿਚ ਪੱਖਪਾਤ ਦਾ ਖਦਸ਼ਾ ਪ੍ਰਗਟ ਕਰਦੇ ਹੋਏ ਭਾਜਪਾ ਆਗੂ ਨੇ ਕਿਹਾ, 'ਮੈਂ ਸੀਬੀਆਈ ਜਾਂਚ ਦੀ ਮੰਗ ਕਰਦਾ ਹਾਂ ਕਿਉਂਕਿ ਪੁਲਿਸ ਸਬੂਤਾਂ ਨਾਲ ਛੇੜਛਾੜ ਕਰ ਸਕਦੀ ਹੈ ਅਤੇ ਅਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਤ੍ਰਿਣਮੂਲ ਕਾਂਗਰਸ ਨਾਲ ਜੁੜੇ ਦੋਸ਼ੀਆਂ ਨੂੰ ਬਚਾ ਸਕਦੀ ਹੈ।' ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਵੀ ਅਧਿਕਾਰੀ ਦੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ, ਇਸ ਨੂੰ "ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਦੁਆਰਾ ਕਤਲ" ਕਰਾਰ ਦਿਤਾ ਅਤੇ ਸੀਬੀਆਈ ਜਾਂਚ ਦੀ ਮੰਗ ਨੂੰ ਦੁਹਰਾਇਆ।
ਭਾਜਪਾ ਆਗੂਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ। ਤ੍ਰਿਣਮੂਲ ਦੇ ਸੀਨੀਅਰ ਨੇਤਾ ਅਤੇ ਮੰਤਰੀ ਸ਼ਸ਼ੀ ਪਾਂਜਾ ਨੇ ਕਿਹਾ, “ਸਥਾਨਕ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਮੌਤ ਦਾ ਕਾਰਨ ਨਿਜੀ ਕਾਰਨਾਂ ਨੂੰ ਦਸਿਆ ਹੈ। ਪਰ ਲੱਗਦਾ ਹੈ ਕਿ ਭਾਜਪਾ ਰਾਜਨੀਤੀ ਕਰਨ ਵਿਚ ਦਿਲਚਸਪੀ ਲੈ ਰਹੀ ਹੈ। ਭਾਜਪਾ ਦੇ ਦਾਅਵਿਆਂ ਵਿਚ ਕੋਈ ਤੱਥ ਨਹੀਂ ਹੈ। ਸਾਨੂੰ ਪੁਲਿਸ ਨੂੰ ਜਾਂਚ ਕਰਨ ਦੇਣੀ ਚਾਹੀਦੀ ਹੈ।” ਇਸ ਤੋਂ ਪਹਿਲਾਂ 2018 ਦੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਪੁਰੂਲੀਆ ਦੇ ਤਿੰਨ ਭਾਜਪਾ ਵਰਕਰਾਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ ਸਨ।
(For more news apart from BJP leader found dead in West Bengal, stay tuned to Rozana Spokesman)