Haryana News: ਕਰਨਾਲ 'ਚ ਮਕਾਨ ਦੀ ਡਿੱਗੀ ਛੱਤ, ਮਲਬੇ ਹੇਠ ਦੱਬਿਆ ਪੂਰਾ ਪਰਿਵਾਰ
Haryana News: ਇਕਲੌਤੇ ਪੁੱਤਰ ਦੀ ਮੌਤ
Fallen roof of the house in Karnal: ਹਰਿਆਣਾ ਦੇ ਕਰਨਾਲ ਦੇ ਪਿੰਡ ਸ਼ਿਆਮਗੜ੍ਹ ਵਿਚ ਇਕ ਘਰ ਦੇ ਕਮਰੇ ਦੀ ਕੱਚੀ ਛੱਤ ਡਿੱਗਣ ਕਾਰਨ ਇੱਕ ਮਾਂ ਅਤੇ ਉਸ ਦੇ ਤਿੰਨ ਬੱਚੇ ਮਲਬੇ ਹੇਠਾਂ ਦੱਬ ਗਏ। ਇਸ ਹਾਦਸੇ 'ਚ 5 ਸਾਲ ਦੇ ਇਕਲੌਤੇ ਬੱਚੇ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਵੱਡੀ ਭੈਣ ਅਤੇ ਮਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਸ ਦਾ ਇਲਾਜ ਕਰਨਾਲ ਦੇ ਹਸਪਤਾਲ 'ਚ ਚੱਲ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਜੀਤ ਨੇ ਦੱਸਿਆ ਕਿ ਰਾਤ ਸਮੇਂ ਮਹਿਲਾ ਕਮਲੇਸ਼ ਆਪਣੇ ਬੇਟੇ ਰਿਤਿਕ, ਵੱਡੀ ਬੇਟੀ ਮਨੀਸ਼ਾ ਅਤੇ ਛੋਟੀ ਬੇਟੀ ਰਾਸ਼ੀ ਨਾਲ ਕਮਰੇ 'ਚ ਸੌਂ ਰਹੀ ਸੀ। ਅੱਜ ਸਵੇਰੇ ਕਰੀਬ 6 ਵਜੇ ਅਚਾਨਕ ਕਮਰੇ ਦੀ ਛੱਤ ਦਾ ਗਾਡਰ ਟੁੱਟ ਗਿਆ ਤੇ ਪੂਰੀ ਛੱਤ ਹੇਠਾਂ ਆ ਗਈ ਅਤੇ ਪੂਰਾ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਸਵੇਰੇ 6 ਵਜੇ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਜਦੋਂ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਘਰ ਦੀ ਛੱਤ ਡਿੱਗ ਚੁੱਕੀ ਸੀ ਅਤੇ ਬੱਚਿਆਂ ਅਤੇ ਔਰਤ ਦੀਆਂ ਚੀਕਾਂ ਸੁਣੀਆਂ। ਪਿੰਡ ਵਾਸੀਆਂ ਨੇ ਤੁਰੰਤ ਮਲਬਾ ਹਟਾ ਕੇ ਪੂਰੇ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਕਰਨਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਰਿਤਿਕ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੋਵੇਂ ਭੈਣਾਂ ਤੇ ਮਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਗੁਰਜੀਤ ਨੇ ਦੱਸਿਆ ਕਿ ਮ੍ਰਿਤਕ ਰਿਤਿਕ ਦਾ ਪਿਤਾ ਰਾਮਦਾਸ ਕੰਬਾਈਨ ਚਲਾਉਂਦਾ ਹੈ। ਜਦਕਿ ਉਸਦੀ ਪਤਨੀ ਕਮਲੇਸ਼ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੀ ਹੈ। ਰਾਮਦਾਸ ਇਸ ਸਮੇਂ ਕੰਬਾਈਨ ਲੈ ਕੇ ਝੋਨੇ ਦੀ ਵਾਢੀ ਲਈ ਕਿਸੇ ਹੋਰ ਸੂਬੇ ਵਿੱਚ ਸੀ। ਹਾਦਸੇ ਤੋਂ ਬਾਅਦ ਰਾਮਦਾਸ ਨੂੰ ਆਪਣੇ ਪੁੱਤਰ ਦੀ ਮੌਤ ਦੀ ਸੂਚਨਾ ਦੇ ਦਿਤੀ ਗਈ ਹੈ। ਜੋ ਹੁਣ ਕਰਨਾਲ ਵਾਪਸ ਆ ਰਿਹਾ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਿਤਿਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀਆਂ ਵੱਡੀਆਂ ਭੈਣਾਂ ਮਨੀਸ਼ਾ (13) ਅਤੇ 7 ਸਾਲਾ ਰਾਸ਼ੀ (7) ਹਨ। ਸਭ ਤੋਂ ਛੋਟਾ ਰਿਤਿਕ ਸੀ। ਬੇਟੇ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਮਾਤਮ ਛਾਇਆ ਹੋਇਆ ਹੈ।
ਮ੍ਰਿਤਕ ਰਿਤਿਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਮਦਾਸ ਦਾ ਘਰ ਕਾਫੀ ਸਮੇਂ ਤੋਂ ਖਸਤਾ ਹਾਲਤ 'ਚ ਸੀ। ਉਨ੍ਹਾਂ ਕਈ ਵਾਰ ਪ੍ਰਧਾਨ ਮੰਤਰੀ ਗ੍ਰਹਿ ਆਵਾਸ ਯੋਜਨਾ ਤਹਿਤ ਕੱਚੇ ਮਕਾਨ ਨੂੰ ਪੱਕਾ ਕਰਵਾਉਣ ਲਈ ਫਾਰਮ ਵੀ ਭਰੇ ਪਰ ਅੱਜ ਤੱਕ ਗਰਾਂਟ ਨਹੀਂ ਆਈ। ਕਈ ਵਾਰ ਸਰਪੰਚ ਕੋਲ ਵੀ ਗਿਆ ਪਰ ਹਰ ਵਾਰ ਭਰੋਸਾ ਦਿੱਤਾ ਗਿਆ। ਪਰ ਗ੍ਰਾਂਟ ਕਿਸੇ ਨੂੰ ਨਹੀਂ ਮਿਲੀ।
ਤਰਾਵੜੀ ਥਾਣੇ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦਸਿਆ ਕਿ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਹਾਦਸੇ ਵਿੱਚ ਬੱਚੇ ਦੀਆਂ ਦੋ ਵੱਡੀਆਂ ਭੈਣਾਂ ਹਨ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।