ਰਾਤ ਸਮੇਂ ਜਣੇਪਾ ਪੀੜ ਝੱਲ ਰਹੀਆਂ ਔਰਤਾਂ ਨੂੰ ਹਸਪਤਾਲ ਤੱਕ ਮੁਫ਼ਤ ਪਹੁੰਚਾਉਣ ਦੀ ਪਹਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਤ ਨੂੰ ਆਮ ਤੌਰ 'ਤੇ ਵਾਹਨ ਮਿਲਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਜੇਕਰ ਕੋਈ ਵਾਹਨ ਮਿਲਦਾ ਵੀ ਹੈ ਤਾਂ ਉਹ ਵਾਧੂ ਕਿਰਾਏ ਦੀ ਮੰਗ ਕਰਦਾ ਹੈ।

Dilip with his auto

ਮੱਧ ਪ੍ਰਦੇਸ਼  ( ਪੀਟੀਆਈ ) : ਸਥਾਨਕ ਸ਼ਾਜਪੁਰ ਇਲਾਕੇ ਦੇ ਆਟੋ ਚਾਲਕ ਦਿਲੀਪ ਪਰਮਾਰ ਮਨੁੱਖਤਾ ਦੇ ਹਿਤ ਵਿਚ ਅਜਿਹਾ ਕੰਮ ਕਰ ਰਹੇ ਹਨ ਜੋ ਕਿ ਹੋਰਨਾਂ ਲਈ ਇਕ ਮਿਸਾਲ ਹੈ। ਦਿਲੀਪ ਰਾਤ ਸਮੇਂ  ਲੋੜ ਪੈਣ 'ਤੇ ਕਿਸੇ ਵੀ ਗਰਭਵਤੀ ਔਰਤ ਨੂੰ ਬਿਨਾਂ ਕੋਈ ਕਿਰਾਇਆ ਲਏ ਹਸਪਤਾਲ ਪਹੁੰਚਾਉਂਦੇ ਹਨ। ਉਹਨਾਂ ਨੇ ਬਾਕਾਇਦਾ ਇਸ ਦੀ ਸੂਚਨਾ ਅਤੇ ਅਪਣਾ ਮੋਬਾਈਲ ਨੰਬਰ ਅਪਣੇ ਆਟੋ 'ਤੇ ਲਿਖਿਆ ਹੋਇਆ ਹੈ। ਦਿਹਾਤੀ ਖੇਤਰ ਦੀਆਂ ਔਰਤਾਂ ਨੂੰ ਜਣੇਪੇ ਲਈ ਹਸਪਤਾਲ ਲਿਜਾਣ ਲਈ ਜਨਨੀ ਐਕਸਪ੍ਰੈਸ ਦੀ ਸੁਵਿਧਾ ਹੈ

ਪਰ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਹਸਪਤਾਲ ਜਾਣ ਦੀ ਵਿਵਸਥਾ ਕਰਨੀ ਪੈਂਦੀ ਹੈ। ਰਾਤ ਨੂੰ ਆਮ ਤੌਰ 'ਤੇ ਵਾਹਨ ਮਿਲਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਜੇਕਰ ਕੋਈ ਵਾਹਨ ਮਿਲਦਾ ਵੀ ਹੈ ਤਾਂ ਉਹ ਵਾਧੂ ਕਿਰਾਏ ਦੀ ਮੰਗ ਕਰਦਾ ਹੈ। ਅਜਿਹੇ ਵਿਚ ਗਰਭਵਤੀ ਔਰਤਾਂ ਦੇ ਪਰਵਾਰ ਵਾਲਿਆਂ ਲਈ ਵੀ ਸਮੱਸਿਆ ਖੜੀ ਹੋ ਜਾਂਦੀ ਹੈ। ਦਿਲੀਪ ਦੱਸਦੇ ਹਨ ਕਿ ਉਹਨਾਂ ਦੇ ਕੋਲ ਮੋਬਾਈਲ ਫੋਨ ਆਉਂਦਿਆਂ ਹੀ ਉਹ ਅਪਣੀ ਨਿਸ਼ੁਲਕ ਸੇਵਾ ਦੇਣ ਪਹੁੰਚ ਜਾਂਦੇ ਹਨ।  ਦਿਲੀਪ ਮੁਤਾਬਕ ਦਿਨ ਭਰ ਕੰਮ ਕਰਨ ਤੋਂ ਬਾਅਦ ਵੀ ਰਾਤ ਨੂੰ

ਆਟੋ ਦੀ ਇਹ ਸੇਵਾ ਕਰਨ ਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਸਗੋਂ ਅਜਿਹਾ ਕਰਨ ਤੇ ਉਹਨਾਂ ਨੂੰ ਅੰਦਰੂਨੀ ਖੁਸ਼ੀ ਹਾਸਲ ਹੁੰਦੀ ਹੈ। ਦਿਲੀਪ ਨੇ ਕਿਹਾ ਕਿ ਉਹਨਾਂ ਨੂੰ ਅਕਸਰ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਸਮੇਂ ਸਿਰ ਹਸਪਤਾਲ ਨਾ ਪਹੁੰਚਣ 'ਤੇ ਔਰਤ ਦਾ ਜਣੇਪਾ ਰਾਹ ਵਿਚ ਹੀ ਹੋ ਗਿਆ। ਇਸ ਨਾਲ ਕਈ ਵਾਰ ਜੱਚਾ ਅਤੇ ਬੱਚਾ ਦੀ ਜਾਨ ਨੂੰ ਖ਼ਤਰਾ ਵੀ ਪੈਦਾ ਹੋ ਜਾਂਦਾ ਹੈ।

ਇਸ ਲਈ ਨਵਾਂ ਆਟੋ ਰਿਕਸ਼ਾ ਲੈਣ 'ਤੇ ਉਹਨਾਂ ਨੇ ਜਣੇਪਾ ਪੀੜ ਝੱਲ ਰਹੀਆਂ ਔਰਤਾਂ ਲਈ ਰਾਤ ਵਿਚ ਇਹ ਮੁਫਤ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ। ਦਿਲੀਪ ਨੇ ਆਟੋ ਬੈਂਕ ਲੋਨ ਲੈ ਕੇ ਲਿਆ ਹੈ। ਜਿਸ ਦੀ ਹਰ ਮਹੀਨੇ ਉਹ ਕਿਸ਼ਤ ਵੀ ਭਰਦੇ ਹਨ। ਪਰ ਗਰਭਵਤੀ ਔਰਤਾਂ ਨੂੰ ਹਸਪਤਾਲ ਪਹੁੰਚਾਉਣ ਲਈ ਉਹ ਕੋਈ ਪੈਸੇ ਨਹੀਂ ਲੈਂਦੇ। ਇਸ ਤੋਂ ਇਲਾਵਾ ਸਰੀਰਕ ਤੌਰ 'ਤੇ ਚੁਣੌਤੀਗ੍ਰਸਤ ਲੋਕਾਂ ਤੋਂ ਵੀ ਉਹ ਕੋਈ ਪੈਸੇ ਨਹੀਂ ਲੈਂਦੇ।