ਕੇਰਲ ਹੜ੍ਹ ਵਿਚ ਫਸੀ ਗਰਭਵਤੀ ਔਰਤ ਨੂੰ ਨੇਵੀ ਨੇ ਬਚਾਇਆ
ਕੇਰਲ ਵਿਚ ਹੜ੍ਹ ਨਾਲ ਸਾਰਾ ਸੂਬਾ ਪ੍ਰਭਾਵਿਤ ਹੈ
ਤਿਰੂਵਨੰਤਪੁਰਮ, ਕੇਰਲ ਵਿਚ ਹੜ੍ਹ ਨਾਲ ਸਾਰਾ ਸੂਬਾ ਪ੍ਰਭਾਵਿਤ ਹੈ। ਸਾਰੀਆਂ ਕੇਂਦਰੀ ਅਤੇ ਸੂਬਾ ਸੰਸਥਾਵਾਂ ਰਾਹਤ ਅਤੇ ਬਚਾਅ ਕਾਰਜ ਵਿਚ ਲਗਾਤਾਰ ਲੱਗੀਆਂ ਹੋਈਆਂ ਹਨ। ਇਸ ਵਿਚ ਇੰਡੀਅਨ ਨੇਵੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਨੇਵੀ ਦਾ ਇਕ ਹੈਲੀਕਾਪਟਰ ਇਕ ਗਰਭਵਤੀ ਔਰਤ ਨੂੰ ਬਚਾ ਰਿਹਾ ਹੈ। ਬਾਅਦ ਵਿਚ ਔਰਤ ਨੇ ਇੱਕ ਬੇਟੇ ਨੂੰ ਜਨਮ ਦਿੱਤਾ।
ਹੁਣ ਔਰਤ ਅਤੇ ਬੱਚਾ ਦੋਵੇਂ ਸੁਰੱਖਿਅਤ ਅਤੇ ਤੰਦਰੁਸਤ ਹਨ। ਜਾਣਕਾਰੀ ਦੇ ਮੁਤਾਬਕ, ਔਰਤ ਦੀ ਮਦਦ ਲਈ ਡਾਕਟਰਾਂ ਨੂੰ ਵੀ ਹੇਠਾਂ ਉਤਾਰਿਆ ਗਿਆ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਦੀ ਮਦਦ ਲਈ ਹੈਲੀਕਾਪਟਰ ਤੋਂ ਰੱਸੀ ਲਮਕਾਈ ਗਈ ਹੈ, ਜਿਸ ਨੂੰ ਔਰਤ ਦੇ ਲੱਕ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਹੌਲੀ - ਹੌਲੀ ਉਨ੍ਹਾਂ ਨੂੰ ਉੱਤੇ ਖਿੱਚ ਲਿਆ ਜਾਂਦਾ ਹੈ। ਇਸ ਦੌਰਾਨ ਔਰਤ ਦੀ ਹਾਲਤ ਗੰਭੀਰ ਸੀ। ਬਾਅਦ ਵਿਚ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ।
ਦੱਸ ਦਈਏ ਕਿ ਹੜ੍ਹ ਪ੍ਰਭਾਵਿਤ ਕੇਰਲ ਵਿਚ ਫੌਜ ਵਲੋਂ 'ਆਪਰੇਸ਼ਨ ਮਦਦ' ਚਲਾਇਆ ਜਾ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਲਈ ਨੇਵੀ, ਏਅਰਫੋਰਸ, ਆਰਮੀ, ਕੋਸਟ ਗਾਰਡ ਅਤੇ ਐਨਡੀਆਰਐਫ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਧਿਆਨ ਯੋਗ ਹੈ ਕਿ ਰਾਜ ਵਿਚ ਵੀਰਵਾਰ ਨੂੰ ਜਾਰੀ ਕੀਤਾ ਗਿਆ ਰੈੱਡ ਅਲਰਟ ਕਾਸਰਗੋਡ ਨੂੰ ਛੱਡਕੇ 13 ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗਾ। ਏਰਨਾਕੁਲਮ ਅਤੇ ਇਡੁੱਕੀ ਵਿਚ ਸ਼ਨੀਵਾਰ ਲਈ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲ ਵਿਚ ਹੜ੍ਹ ਨਾਲ ਹੁਣ ਤੱਕ 167 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 8000 ਕਰੋੜ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋ ਚੁੱਕਿਆ ਹੈ।