ਨੋਟਬੰਦੀ ਦੇ ਬਾਵਜੂਦ ਚੋਣਾਂ ਦੌਰਾਨ 168 ਕਰੋੜ ਰੁਪਏ ਬਰਾਮਦ : ਚੋਣ ਆਯੋਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣਾਂ ਦੌਰਾਨ ਗ਼ੈਰ ਕਾਨੂੰਨੀ ਰਕਮ, ਸ਼ਰਾਬ ਅਤੇ ਕੀਮਤੀ ਗਹਿਣਿਆਂ ਦੀ ਬਰਾਮਦੀ ਸਬੰਧੀ ਚੋਣ ਆਯੋਗ ਦੇ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਭਰ ਵਿਚ ਲਗਭਗ 168 ਕਰੋੜ ਰੁਪਏ ਬਰਾਮਦ ਹੋਏ ਹਨ

Indian rupee

ਨਵੀਂ ਦਿੱਲੀ, ( ਭਾਸ਼ਾ) : ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਕਾਲੇ ਧਨ ਦੀ ਬਰਾਮਦਗੀ ਹੋਈ ਹੈ। ਚੋਣ ਆਯੋਗ ਦੇ ਅੰਕੜਿਆਂ ਮੁਤਾਬਕ ਇਹਨਾਂ ਰਾਜਾਂ ਵਿਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਜ਼ਬਤ ਕੀਤੀ ਗਈ ਗ਼ੈਰ ਕਾਨੂੰਨੀ ਰਾਸ਼ੀ ਵਿਚ ਵਾਧਾ ਹੋਇਆ ਹੈ। ਇਸ ਨਾਲ ਸਾਬਕਾ ਚੋਣ ਕਮਿਸ਼ਨਰ ਓਪੀ ਰਾਵਤ ਦੀ ਗੱਲ ਸੱਚ ਸਾਬਤ ਹੁੰਦੀ ਲਗਦੀ ਹੈ ਕਿਉਂਕਿ ਉਹਨਾਂ ਨੇ ਨੋਟਬੰਦੀ ਨਾਲ ਚੋਣਾਂ ਵਿਚ ਵਰਤੇ ਜਾਂਦੇ ਕਾਲੇ ਧਨ 'ਤੇ ਕਾਬੂ

ਪਾਉਣ ਦੇ ਸਰਕਾਰ ਦੇ ਦਾਅਵੇ 'ਤੇ ਸਵਾਲ ਖੜੇ ਕੀਤੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਰਾਵਤ ਨੇ ਕਿਹਾ ਸੀ ਕਿ ਨੋਟਬੰਦੀ ਦੇ ਬਾਵਜੂਦ ਪੰਜ ਰਾਜਾਂ ਦੀਆਂ ਚੋਣਾਂ ਵਿਚ ਕਾਲੇਧਨ ਦੀ ਬਰਾਮਦਗੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਚੋਣਾਂ ਦੌਰਾਨ ਗ਼ੈਰ ਕਾਨੂੰਨੀ ਰਕਮ, ਸ਼ਰਾਬ ਅਤੇ ਕੀਮਤੀ ਗਹਿਣਿਆਂ ਦੀ ਬਰਾਮਦੀ ਸਬੰਧੀ ਚੋਣ ਆਯੋਗ ਦੇ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਭਰ ਵਿਚ ਲਗਭਗ 168 ਕਰੋੜ ਰੁਪਏ ਬਰਾਮਦ ਹੋਏ ਹਨ। ਪੰਜ ਰਾਜਾਂ ਵਿਚ ਵੋਟਾਂ ਪੈ ਜਾਣ ਤੋਂ ਬਾਅਦ ਚੋਣ ਆਯੋਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ

ਮੁਤਾਬਕ ਜ਼ਬਤ ਕੀਤੇ ਗਏ 168 ਕਰੋੜ ਰੁਪਏ ਵਿਚ ਤੇਲੰਗਾਨਾ ਦੀ ਭਾਗੀਦਾਰੀ 115.19 ਕਰੋੜ ਰੁਪਏ ਦੀ ਰਹੀ। ਮੱਧ ਪ੍ਰਦੇਸ਼ 30.93 ਕਰੋੜ ਰੁਪਏ ਨਾਲ ਦੂਜੇ ਅਤੇ ਰਾਜਸਥਾਨ 12.85 ਕਰੋੜ ਰੁਪਏ ਦੀ ਬਰਾਮਦਗੀ ਨਾਲ ਤੀਜੇ ਨੰਬਰ 'ਤੇ ਰਿਹਾ। ਆਯੋਗ ਦੀ ਰੀਪੋਰਟ ਮੁਤਾਬਕ ਤੇਲੰਗਾਨਾਂ ਵਿਚ 115.19 ਕਰੋੜ ਰੁਪਏ ਦੇ ਕਾਲੇ ਧਨ ਦੀ ਬਰਾਮਦਗੀ ਤੋਂ ਇਲਾਵਾ 12.26 ਕਰੋੜ ਰੁਪਏ ਦੀ 5.45 ਲੱਖ ਲੀਟਰ ਸ਼ਰਾਬ ਅਤੇ 17.66 ਕਿਲੋ ਗ੍ਰਾਮ ਸੋਨੇ ਸਮੇਤ 6.79 ਕਰੋੜ ਰੁਪਏ ਦੀ ਕੀਮਤ ਦੀਆਂ ਕਈ

ਬਹੁਮੁੱਲੀ ਧਾਤਾਂ ਦੇ ਗਹਿਣੇ ਵੀ ਜ਼ਬਤ ਕੀਤੇ ਗਏ। ਰਾਜਸਥਾਨ ਵਿਚ ਹੋਰਨਾਂ ਰਾਜਾਂ ਦੇ ਮੁਕਾਬਲੇ 14.58 ਕਰੋੜ ਰੁਪਏ ਦੇ ਚਰਸ, ਗਾਂਜਾ ਅਤੇ ਅਫੀਮ ਵਰਗੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ। ਸਾਬਕਾ ਚੋਣ ਕਮਿਸ਼ਨਰ ਓਪੀ ਰਾਵਤ ਨੇ ਕਿਹਾ ਸੀ ਕਿ ਕਾਲੇ ਧਨ ਦੀ ਬਰਾਮਦਗੀ ਇਹ ਦਰਸਾਉਂਦੀ ਹੈ ਕਿ ਚੋਣਾਂ ਦੌਰਾਨ ਪੈਸਾ ਅਜਿਹੀਆਂ ਥਾਵਾਂ ਤੋਂ ਆ ਰਿਹਾ ਹੈ ਜਿਥੇ ਨੋਟਬੰਦੀ ਵਰਗੀਆਂ ਕੋਸਿਸ਼ਾਂ ਦਾ ਕੋਈ ਅਸਰ ਨਹੀਂ ਪੈਂਦਾ ਹੈ।