ਖੁਸ਼ਖ਼ਬਰੀ ! ਸਸਤਾ ਹੋ ਜਾਵੇਗਾ ਪਿਆਜ਼ ! ਅਫਗਾਨਿਸਤਾਨ ਤੋਂ 85 ਟਰੱਕ ਪਹੁੰਚੇ ਭਾਰਤ

ਏਜੰਸੀ

ਖ਼ਬਰਾਂ, ਵਪਾਰ

ਅਜੇ 200 ਟਰੱਕ ਹੋਰ ਪਹੁੰਚਣਗੇ ਭਾਰਤ

File Photo

ਨਵੀਂ ਦਿੱਲੀ : ਦਿਨੋਂ-ਦਿਨ ਵੱਧ ਰਹੀਆਂ ਪਿਆਜ਼ ਦੀਆਂ ਕੀਮਤਾਂ ਵਿਚ ਹੁਣ ਕੁੱਝ ਕਮੀ ਹੋਣੀ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਪਿਆਜ਼ ਦੇ 85 ਟਰੱਕ  ਅਫਗਾਨਿਸਤਾਨ ਤੋਂ ਭਾਰਤ ਪਹੁੰਚ ਗਏ ਹਨ। ਇਹ ਪਿਆਜ਼ ਅੰਮ੍ਰਿਤਸਰ ਦੀ ਪਿਆਜ਼ ਦੀ ਮੰਡੀ ਤੋਂ ਇਲਾਵਾ ਦਿੱਲੀ ਲਈ ਰਵਾਨਾ ਹੋ ਗਏ ਹਨ। ਵਪਾਰੀਆਂ ਦਾ ਮੰਨਣਾ ਹੈ ਕਿ ਐਮਪੀ ਅਤੇ ਨਾਸਿਕ ਵਿਚ ਹੋਈ ਭਾਰੀ ਬਾਰਿਸ਼ ਕਾਰਨ ਪਿਆਜ਼ ਖਰਾਬ ਹੋਇਆ ਹੈ ਅਤੇ ਇਹੀ ਕਾਰਨ ਹੈ ਪਿਆਜ਼ ਦੀਆਂ ਕੀਮਤਾਂ ਆਸਮਾਨ ਨੂੰ ਛੂੰਹਣ ਲੱਗੀਆਂ ਹਨ।

85 ਟਰੱਕ ਅਫਗਾਨਿਸਤਾਨ ਤੋਂ ਭਾਰਤ ਆਏ ਹਨ ਜਿਨ੍ਹਾਂ ਵਿੱਚੋਂ 15 ਟਰੱਕ ਅੰਮ੍ਰਿਤਸਰ ਅਤੇ ਹੋਰ ਟਰੱਕ ਦਿੱਲੀ ‘ਤੇ ਹੋਰ ਮੰਡੀਆਂ ਵਿਚ ਪਹੁੰਚਣਗੇ। ਪਿਆਜ਼ ਦੇ ਅਜੇ ਹੋਰ 200 ਟਰੱਕ ਅਫਗਾਨਿਸਤਾਨ ਤੋਂ ਭਾਰਤ ਪਹੁੰਚਣਗੇ। ਅਫਗਾਨਿਸਤਾਨ ਤੋਂ ਪਿਆਜ਼ ਪਹੁੰਚਣ ਨਾਲ ਪਿਆਜ਼ ਦੀਆਂ ਕੀਮਤਾਂ ਵਿਚ ਵਿਰਾਮ ਲੱਗਣ ਦੀ ਆਸ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪਿਆਜ਼ ਮਹਿੰਗਾ ਹੋਇਆ ਹੈ ਉਦੋਂ ਤੋਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਲੋਕਾਂ ਮਤਾਬਕ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧਾਂ ਨਾਲ ਅਜਿਹੀ ਸਮੱਸਿਆ ‘ਤੇ ਪੱਕੇ ਤੌਰ ‘ਤੇ ਨਿਜਾਤ ਪਾਈ ਜਾ ਸਕਦੀ ਹੈ।

ਪੂਰੇ ਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਵੱਧਣ ਕਰਕੇ ਲੋਕਾਂ ਦੇ ਖਾਣੇ ਦਾ ਸੁਆਦ ਵੀ ਵਿਗੜਿਆ ਹੋਇਆ ਹੈ। ਵਿਰੋਧੀ ਧਿਰਾਂ ਵੀ ਇਸ ਮੁਦੇ ‘ਤੇ ਸਰਕਾਰ ਨੂੰ ਘੇਰ ਰਹੀਆਂ ਹਨ। ਦੇਸ਼ 'ਚੋਂ ਵੱਖ-ਵੱਖ ਥਾਵਾਂ 'ਤੇ ਪਿਆਜ਼ ਦੀ ਚੋਰੀ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਮੱਧ ਵਰਗੀ ਪਰਿਵਾਰਾਂ ਦੇ ਮੈਨਯੂ ਵਿਚੋਂ ਤਾਂ ਪਿਆਜ਼ ਬਾਹਰ ਹੀ ਹੋ ਗਿਆ ਹੈ। ਸਰਕਾਰ ਨੇ ਪਿਆਜ਼ ਦੀ ਜਮ੍ਹਾਂ ਖੋਰੀ ਨੂੰ ਰੋਕਣ ਲਈ ਵੱਡੇ ਕਦਮ ਚੁੱਕਣ ਦੀ ਵੀ ਗੱਲ ਕਹੀ ਸੀ ਪਰ ਇਸ ਨਾਲ ਵੀ ਪਿਆਜ਼ ਦੀ ਕੀਮਤਾਂ ਵਿਚ ਕੋਈ ਫਰਕ ਨਹੀਂ ਪਿਆ ਹੈ।

ਖੈਰ ਹੁਣ ਵੇਖਣਾ ਹੋਵੇਗਾ ਕਿ ਅਫਗਾਨਿਸਤਾਨ ਤੋਂ ਪਿਆਜ਼ ਦੀ ਜਿਹੜੀ ਖੇਪ ਭਾਰਤ ਪਹੁੰਚੀ ਹੈ ਉਸ ਨਾਲ ਕੀਮਤਾਂ ਵਿਚ ਕੋਈ ਕਮੀ ਆਵੇਗੀ ਜਾਂ ਫਿਰ ਆਮ ਲੋਕਾਂ ਨੂੰ ਪਿਆਜ਼ ਦਾ ਤੜਕਾ ਲਗਾਉਣਾ ਫਿਰ ਮੁਸ਼ਕਿਲ ਹੋਵੇਗਾ।