ਸ਼ਰਧਾ ਵਾਲਕਰ ਦੇ ਪਿਤਾ ਦੀ ਮੰਗ, ‘ਮੇਰੀ ਧੀ ਦੇ ਕਾਤਲ ਆਫਤਾਬ ਪੂਨਾਵਾਲਾ ਨੂੰ ਦਿੱਤੀ ਜਾਵੇ ਫਾਂਸੀ’

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਪੂਨਾਵਾਲਾ ਅਤੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

“Aftab Poonawala must be hanged to death”: Shraddha’s father Vikas Walker

 

ਮੁੰਬਈ: ਦਿੱਲੀ 'ਚ ਅਫਤਾਬ ਪੂਨਾਵਾਲਾ ਵੱਲੋਂ ਕਥਿਤ ਤੌਰ 'ਤੇ ਕਤਲ ਕੀਤੀ ਗਈ ਸ਼ਰਧਾ ਵਾਲਕਰ ਦੇ ਪਿਤਾ ਵਿਕਾਸ ਵਾਲਕਰ ਨੇ ਸ਼ੁੱਕਰਵਾਰ ਨੂੰ ਮੰਗ ਕੀਤੀ ਕਿ ਉਹਨਾਂ ਦੀ ਧੀ ਦੀ ਹੱਤਿਆ ਦੇ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇ। ਪੂਨਾਵਾਲਾ ਨੇ ਕਥਿਤ ਤੌਰ 'ਤੇ ਆਪਣੇ 'ਲਿਵ-ਇਨ-ਪਾਰਟਨਰ' ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਉਸ ਨੇ ਲਾਸ਼ ਨੂੰ 35 ਟੁਕੜੇ ਕਰਕੇ ਉਹਨਾਂ ਨੂੰ ਸ਼ਹਿਰ ਵਿਚ ਵੱਖ-ਵੱਖ ਥਾਵਾਂ ਉੱਤੇ ਸੁੱਟਣ ਤੋਂ ਪਹਿਲਾਂ  ਕਰੀਬ ਤਿੰਨ ਹਫ਼ਤਿਆਂ ਤੱਕ ਆਪਣੇ ਘਰ ਵਿਚ ਇਕ ਫਰਿੱਜ ਵਿਚ ਰੱਖਿਆ।

ਵਾਲਕਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, "ਮੇਰੀ ਧੀ ਦੀ ਹੱਤਿਆ ਲਈ ਆਫਤਾਬ ਪੂਨਾਵਾਲਾ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਪੂਨਾਵਾਲਾ ਅਤੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

ਉਹਨਾਂ ਕਿਹਾ ਤਿ ਸ਼ਰਧਾ ਦੀ ਸ਼ਿਕਾਇਤ 'ਤੇ ਜਾਂਚ 'ਚ ਦੇਰੀ ਕਰਨ ਲਈ ਵਸਈ ਅਤੇ ਨਾਲਾਸੋਪਾਰਾ ਪੁਲਿਸ ਅਧਿਕਾਰੀਆਂ ਅਤੇ ਤੁਲਿੰਜ ਪੁਲਿਸ (ਪਾਲਘਰ ਜ਼ਿਲ੍ਹੇ ਵਿਚ) ਦੇ ਖਿਲਾਫ ਵੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਮੇਰੀ ਧੀ ਹੁਣ ਜ਼ਿੰਦਾ ਹੁੰਦੀ।

ਸ਼ਰਧਾ ਵਾਲਕਰ ਨੇ ਨਵੰਬਰ 2020 ਵਿਚ ਤੁਲਿੰਜ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਵਿਚ ਉਸ ਨੇ ਦੋਸ਼ ਲਗਾਇਆ ਸੀ: “ਪੂਨਾਵਾਲਾ ਮੇਰੇ ਨਾਲ ਦੁਰਵਿਵਹਾਰ ਕਰ ਰਿਹਾ ਹੈ ਅਤੇ ਮੈਨੂੰ ਮਾਰ ਰਿਹਾ ਹੈ। ਅੱਜ ਉਸ ਨੇ ਮੇਰਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਮੈਨੂੰ ਡਰਾਉਂਦਾ ਅਤੇ ਬਲੈਕਮੇਲ ਕਰਦਾ ਹੈ। ਕਹਿੰਦਾ ਹੈ ਕਿ ਉਹ ਮੈਨੂੰ ਮਾਰ ਦੇਵੇਗਾ, ਮੇਰੇ ਟੁਕੜੇ-ਟੁਕੜੇ ਕਰ ਦੇਵੇਗਾ। ਛੇ ਮਹੀਨੇ ਹੋ ਗਏ ਹਨ ਅਤੇ ਉਹ ਮੈਨੂੰ ਮਾਰ ਰਿਹਾ ਹੈ, ਪਰ ਮੇਰੇ ਵਿਚ ਪੁਲਿਸ ਕੋਲ ਜਾਣ ਦੀ ਹਿੰਮਤ ਨਹੀਂ ਸੀ ਕਿਉਂਕਿ ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।"

ਵਿਕਾਸ ਵਾਲਕਰ ਨੇ ਦੱਸਿਆ ਕਿ ਦਿੱਲੀ ਦੇ ਉਪ ਰਾਜਪਾਲ ਅਤੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣੀ ਦਿੱਲੀ) ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਫੜਨਵੀਸ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।