ਮਲੇਰੀਆ, ਡੇਂਗੂ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਬਣ ਰਹੀ ਹੈ ਨਵੀਂ ਦਵਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

2016 ਵਿਚ ਲਗਭਗ 216 ਮਿਲੀਅਨ ਲੋਕ ਮਲੇਰੀਆ ਨਾਲ ਸੰਕ੍ਰਮਿਤ ਹੋਏ ਸਨ, ਜਿਹਨਾਂ ਵਿਚੋਂ 4 ਲੱਖ 45 ਹਜ਼ਾਰ ਦੀ ਮੌਤ ਹੋ ਗਈ ਸੀ।

Aedes aegypti mosquito

ਵਾਸ਼ਿੰਗਟਨ : ਭਵਿੱਖ ਵਿਚ ਮਲੇਰੀਆ ਅਤੇ ਡੇਂਗੂ ਜਿਹੀਆਂ ਬੀਮਾਰੀਆਂ 'ਤੇ ਰੋਕਥਾਮ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਇਹਨਾਂ ਬੀਮਾਰੀਆਂ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਜਿਹੇ ਵਿਚ ਅਮਰੀਕੀ ਵਿਗਿਆਨੀ ਇਕ ਅਜਿਹਾ ਦਵਾ ਬਣਾਉਣ ਦੀ ਤਿਆਰੀ ਕਰ ਰਹੇ ਹਨ ਜਿਸ ਨਾਲ ਇਹਨਾਂ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇਗਾ। ਯੂਨੀਵਰਸਿਟੀ ਆਫ਼ ਅਰੀਜ਼ੋਨਾ ਦੇ ਖੋਜੀਆਂ ਨੇ ਕਿਹਾ ਕਿ ਉਹਨਾਂ ਨੇ ਮਾਦਾ ਮੱਛਰਾਂ ਦੇ ਲਈ ਅਜਿਹੇ ਪ੍ਰੋਟੀਨ ਦੀ ਖੋਜ ਕੀਤੀ ਹੈ ਜੋ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰਨ ਲਈ ਬਹੁਤ ਮੱਹਤਵਪੂਰਨ ਹਨ ।

ਜਦ ਵਿਗਿਆਨੀਆਂ ਨੇ ਇਸ ਪ੍ਰੋਟੀਨ ਨੂੰ ਬਲਾਕ ਕਰ ਦਿਤਾ ਤਾਂ ਮਾਦਾ ਮੱਛਰਾਂ ਨੇ ਖਰਾਬ ਸੈੱਲ ਵਾਲੇ ਅੰਡੇ ਦਿਤੇ ਜਿਸ ਨਾਲ ਭਰੂਣ ਅੰਦਰ ਹੀ ਮਰ ਗਿਆ। ਖੋਜੀਆਂ ਦਾ ਮੰਨਣਾ ਹੈ ਕਿ ਜੇਕਰ ਅਜਿਹੀ ਦਵਾ ਵਿਕਸਤ ਕੀਤੀ ਜਾਵੇ ਜੋ ਕਿ ਇਸ ਪ੍ਰੋਟੀਨ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਜਾਵੇ ਤਾ ਉਸ ਨਾਲ ਮਧੂਮੱਖੀਆਂ ਜਿਹੇ ਲਾਭਕਾਰੀ ਕੀੜਿਆਂ ਨੂੰ ਨੁਕਸਾਨ ਪਹੁੰਚਾਏ ਬਗ਼ੈਰ ਮੱਛਰਾਂ ਦੀ ਅਬਾਦੀ ਨੂੰ ਘਟਾਉਣ ਦਾ ਇਕ ਨਵਾਂ ਤਰੀਕਾ ਮਿਲ ਸਕਦਾ ਹੈ । ਯੂਨੀਵਰਸਿਟੀ ਦੇ ਕੈਮਿਸਟਰੀ ਅਤੇ ਬਾਇਓਕੈਮਿਸਟਰੀ ਵਿਭਾਗ ਦੇ ਮੁਖੀ ਰੋਜ਼ਰ ਮੀਸਫੇਲਡ ਨੇ ਕਿਹਾ

ਕਿ ਇਸ ਮਹੱਤਵਪੂਰਨ ਖੋਜ ਨਾਲ ਨਾ ਸਿਰਫ ਮੱਛਰਾਂ ਦੀ ਅਬਾਦੀ 'ਤੇ ਕਾਬੂ ਪਾਇਆ ਜਾ ਸਕਦਾ ਹੈ, ਸਗੋਂ ਹੋਰਨਾਂ ਤਰੀਕਿਆਂ ਦੇ ਮੁਕਾਬਲੇ ਇਹ ਕਿਤੇ ਵੱਧ ਸੁਰੱਖਿਅਤ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਮੱਛਰ ਦੁਨੀਆਂ ਦੇ ਸੱਭ ਤੋਂ ਜਾਨਲੇਵਾ ਜੀਵਾਂ ਵਿਚੋਂ ਇਕ ਹੈ। ਸੰਗਠਨ ਨੇ ਚਿਤਾਵਨੀ ਦਿਤੀ ਹੈ ਕਿ ਮਲੇਰੀਆ ਵਿਰੁਧ ਦੁਨੀਆਵੀ ਵਿਕਾਸ ਰੁਕ ਗਿਆ ਹੈ। 2016 ਵਿਚ ਲਗਭਗ 216 ਮਿਲੀਅਨ ਲੋਕ ਇਸ ਬੀਮਾਰੀ ਨਾਲ ਸੰਕ੍ਰਮਿਤ ਹੋਏ ਸਨ, ਜਿਹਨਾਂ ਵਿਚੋਂ 4 ਲੱਖ 45 ਹਜ਼ਾਰ ਦੀ ਮੌਤ ਹੋ ਗਈ ਸੀ।

ਮੀਸਫੇਲਡ ਨੇ ਕਿਹਾ ਕਿ ਮੱਛਰਾਂ ਨੂੰ ਕਾਬੂ ਕਰਨ ਲਈ ਜਿਹਨਾਂ ਮੌਜੂਦਾ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਬਹੁਤ ਪੁਰਾਣੇ ਹਨ। ਲੰਮੇ ਸਮੇਂ ਤੋਂ ਵਰਤੇ ਜਾਣ ਕਾਰਨ ਮੱਛਰ ਪ੍ਰਤੀਰੋਧੀ ਬਣਦੇ ਜਾ ਰਹੇ ਸਨ। ਉਹਨਾਂ ਕਿਹਾ ਕਿ ਖੋਜਕਰਤਾਵਾਂ ਦੀ ਟੀਮ ਇਹ ਜਾਣ ਕੇ ਹੈਰਾਨ ਸੀ ਕਿ ਜਿਹਨਾਂ ਮੱਛਰਾਂ 'ਤੇ ਇਹ ਪ੍ਰਯੋਗ ਕੀਤਾ ਗਿਆ, ਉਹ ਅਪਣੇ ਬਾਕੀ ਜੀਵਨਕਾਲ ਵਿਚ ਦੂਜੀ ਵਾਰ ਮੁੜ ਤੋਂ ਅੰਡੇ ਨਹੀਂ ਸੀ ਦੇ ਸਕਦੀਆਂ।