ਡੇਂਗੂ ਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਲਈ ਬਣਾਈ 'ਸਟੇਟ ਟਾਸਕ ਫੋਰਸ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸੂਬੇ ਵਿਚ ਡੇਂਗੂ ਦੇ ਵਧ ਰਹੇ ਮਾਮਲਿਆਂ ਅਤੇ ਇਸ ਨੂੰ ਕਾਬੂ ਕਰਨ ਲਈ...

'State Task force' created for dengue and water borne diseases

ਚੰਡੀਗੜ੍ਹ (ਸਸਸ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸੂਬੇ ਵਿਚ ਡੇਂਗੂ ਦੇ ਵਧ ਰਹੇ ਮਾਮਲਿਆਂ ਅਤੇ ਇਸ ਨੂੰ ਕਾਬੂ ਕਰਨ ਲਈ ਜਿੰਮੇਵਾਰ ਵਿਭਾਗਾਂ ਵਲੋਂ ਸੁਚਾਰੂ ਕਾਰਗੁਜ਼ਾਰੀ ਨਾ ਕਰਨ ਲਈ ਫਟਕਾਰ ਲਗਾਈ ਗਈ ਕਿ ਸਿਹਤ ਵਿਭਾਗ ਦੇ ਸੁਚੇਤ ਕਰਨ ਦੇ ਬਾਵਜੂਦ ਵੀ ਸਬੰਧਤ ਵਿਭਾਗਾਂ ਵਲੋਂ ਸਮੇਂ ‘ਤੇ ਮੱਛਰਾਂ ਨੂੰ ਕਾਬੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਹਰ ਸਾਲ ਸੂਬੇ ਵਿਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ।

ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਹਰ ਸਾਲ ਮੀਡੀਆ ਤੇ ਆਮ ਲੋਕਾਂ ਵਲੋਂ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਤੇ ਸਿਹਤ ਵਿਭਾਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਦਕਿ ਨਾਂ ਹੀ ਮੀਡੀਆ ਅਤੇ ਨਾਂ ਹੀ ਲੋਕ ਇਸ ਤੱਥ ਤੋਂ ਜਾਣੂ ਹਨ ਕਿ ਸਿਹਤ ਵਿਭਾਗ ਦੀ ਜਿੰਮੇਵਾਰੀ ਡੇਂਗੂ ਤੋਂ ਪੀੜਤ ਮਰੀਜ਼ ਦੇ ਹਸਪਤਾਲ ਦਾਖਲ ਹੋਣ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਮਰੀਜ਼ ਨੂੰ ਸਿਹਤ ਸੇਵਾਵਾਂ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡੇਂਗੂ ਦੇ ਮਾਮਲਿਆਂ ਅਤੇ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲਿਆਂ ਨੂੰ ਰੋਕਣ ਅਤੇ ਕਾਬੂ ਕਰਨ ਲਈ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗ ਦੀ ਅਹਿਮ ਭੂਮਿਕਾ ਹੁੰਦੀ ਹੈ। ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਤੱਥ ਅੱਗੇ ਰੱਖ ਕੇ ਸਿਹਤ ਵਿਭਾਗ ਅਪਣੀਆਂ ਜਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਤੇ ਉਹ ਅਪਣੇ ਪ੍ਰਸ਼ਾਸਨਿਕ ਫਰਜ਼ਾਂ ਨੂੰ ਪੂਰੀ ਤਰ੍ਹਾਂ ਨਿਭਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ 33 ਲੈਬੋਰੇਟਰੀਆਂ ਵਿਚ 22000 ਸੈਂਪਲਾਂ ਦਾ ਮੁਫ਼ਤ ਡੇਂਗੂ ਟੈਸਟ ਕੀਤਾ ਗਿਆ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਸਟਾਫ ਵਲੋਂ ਮੱਛਰਾਂ ਦੀ ਬ੍ਰੀਡਿੰਗ ਦਾ ਪਤਾ ਲਗਾਉਣ ਲਈ 15.5 ਲੱਖ ਘਰਾਂ ਦਾ ਦੌਰਾ ਕੀਤਾ ਗਿਆ

ਅਤੇ ਜਿਸ ਵਿਚੋਂ 37000 ਪ੍ਰਭਾਵਿਤ ਘਰ ਜਿਨ੍ਹਾਂ ਵਿਚ ਮੱਛਰਾਂ ਦੀ ਬ੍ਰੀਡਿੰਗ ਪਾਈ ਗਈ ਦੀ ਜਾਣਕਾਰੀ ਸਥਾਨਕ ਸਰਕਾਰ ਵਿਭਾਗ ਨੂੰ ਸਪਰੇਅ ਤੇ ਫੋਗਿੰਗ ਕਰਨ ਲਈ ਦਿਤੀ ਗਈ ਤਾਂ ਜੋ ਇਹ ਵਿਭਾਗ ਸਮੇਂ ਅਨੁਸਾਰ ਹੋਰ ਲੋੜੀਂਦੀ ਕਾਰਵਾਈ ਵੀ ਕਰ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿਚ ਫੋਗਿੰਗ ਕਰਨ ਦੀ ਪੂਰੀ ਜਿੰਮੇਵਾਰੀ ਸਥਾਨਕ ਸਰਕਾਰ ਵਿਭਾਗ ਦੀ ਹੈ ਅਤੇ ਇਸੇ ਤਰ੍ਹਾਂ ਹੀ ਪੇਂਡੂ ਇਲਾਕਿਆਂ ਵਿਚ ਫੋਗਿੰਗ ਕਰਨ ਦੀ ਜਿੰਮੇਵਾਰੀ ਪੇਂਡੂ ਵਿਕਾਸ ਵਿਭਾਗ ਦੀ ਹੈ।

ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਹਰ ਸਾਲ ਭਾਈਵਾਲ ਵਿਭਾਗਾਂ ਨੂੰ ਅਰਧ-ਸਰਕਾਰੀ ਪੱਤਰ ਭੇਜਣ ਦੇ ਬਾਵਜੂਦ ਵੀ ਸਬੰਧਤ ਵਿਭਾਗਾਂ ਵਲੋਂ ਕੋਈ ਵੀ ਰਿਪੋਰਟ ਉਨ੍ਹਾਂ ਨਾਲ ਸਾਂਝੀ ਨਹੀਂ ਕੀਤੀ ਗਈ। ਇਸ ਸਬੰਧ ਵਿਚ ਉਨ੍ਹਾਂ ਵਲੋਂ ਸਥਾਨਕ ਸਰਕਾਰ ਅਤੇ ਪੇਂਡੂ ਵਿਕਾਸ ਵਿਭਾਗ ਦਾ ਨਾਂ ਵਿਸ਼ੇਸ਼ ਤੌਰ ਤੇ ਲਿਆ ਗਿਆ। ਸਿਹਤ ਮੰਤਰੀ ਨੇ ਕਿਹਾ ਕਿ ਡੇਂਗੂ ਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਤੇ ਕਾਬੂ ਕਰਨ ਦੇ ਲਈ ਸਟੇਟ ਪੱਧਰ ਦੀ ਟਾਸਕ ਫੋਰਸ ਗਠਿਤ ਕੀਤੀ ਗਈ

ਜਿਸ ਅਧੀਨ ਸਥਾਨਕ ਸਰਕਾਰ, ਪੇਂਡੂ ਵਿਕਾਸ ਤੇ ਪੰਚਾਇਤਾਂ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਟਰਾਂਸਪੋਰਟ, ਪਸ਼ੂ ਪਾਲਣ, ਮੈਡੀਕਲ ਸਿੱਖਿਆ ਤੇ ਖੋਜ, ਸਿੱਖਿਆ, ਕਿਰਤ ਅਤੇ ਇੰਡੀਅਨ ਮੈਡੀਕਲ ਐਜੂਕੇਸ਼ਨ ਦੀ ਜਿੰਮੇਵਾਰੀ ਹੈ ਕਿ ਉਹ ਡੇਂਗੂ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਸੁਚਾਰੂ ਢੰਗ ਨਾਲ ਜਾਂਚ ਕਰਨ ਤਾਂ ਜੋ ਸਮੇਂ ਤੇ ਹੀ ਹੋਣ ਵਾਲੇ ਨੁਕਸਾਨ ਨੂੰ ਕਾਬੂ ਕੀਤਾ ਜਾ ਸਕੇ।

ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਸ੍ਰੀ ਅਮਰਦੀਪ ਸਿੰਘ ਚੀਮਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸ੍ਰੀ ਸਤੀਸ਼ ਚੰਦਰਾ ਵਧੀਕ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਸ੍ਰੀ ਅਮਿਤ ਕੁਮਾਰ ਮਿਸ਼ਨ ਡਾਇਰੈਕਟਰ ਐਨ.ਐਚ.ਐਮ, ਸ੍ਰੀ ਮਨਵੀਸ਼ ਸਿੰਘ ਸਿੱਧੂ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ, ਸ੍ਰੀ ਕਰਨੇਸ਼ ਸ਼ਰਮਾ, ਡਾਇਰੈਕਟਰ ਸਥਾਨਕ ਸਰਕਾਰ, ਸ੍ਰੀ ਜਸਕਰਨ ਸਿੰਘ ਡਾਇਰੈਕਟਰ ਪੇਂਡੂ ਵਿਕਾਸ, ਡਾ. ਅਵਨੀਸ਼ ਕੁਮਾਰ ਡਾਇਰੈਕਟਰ ਮੈਡੀਕਲ ਸਿੱਖਿਆ, ਡਾ. ਜਸਪਾਲ ਕੌਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਜਗਪਾਲ ਸਿੰਘ ਬੱਸੀ ਡਾਇਰੈਕਟਰ ਈ.ਐਸ.ਆਈ. ਤੇ ਡਾ. ਜਤਿੰਦਰ ਕਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Stories