ਦਿੱਲੀ 'ਚ ਹਰ ਸਾਲ ਔਸਤਨ 50 ਹਜ਼ਾਰ ਗਰਭਪਾਤ : ਆਰਟੀਆਈ
ਸੂਚਨਾ ਦੇ ਅਧਿਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿਚ 2013-14 ਤੋਂ 2017-18 ਤੱਕ ਸਰਕਾਰੀ ਅਤੇ ਨਿਜੀ ਕੇਂਦਰਾਂ 'ਤੇ 2,48,608 ਗਰਭਪਾਤ ਹੋਏ।
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਹਰ ਸਾਲ ਔਸਤਨ 50 ਹਜ਼ਾਰ ਗਰਭਪਾਤ ਹੋਣ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ। ਸਿਹਤ ਸਹੂਲਤਾਂ ਦਾ ਦਾਅਵਾ ਕਰਨ ਵਾਲੀ ਦਿੱਲੀ ਵਿਚ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। ਸੂਚਨਾ ਦੇ ਅਧਿਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿਚ 2013-14 ਤੋਂ 2017-18 ਤੱਕ ਸਰਕਾਰੀ
ਅਤੇ ਨਿਜੀ ਕੇਂਦਰਾਂ 'ਤੇ 2,48,608 ਗਰਭਪਾਤ ਹੋਏ। ਇਹਨਾਂ ਸਰਕਾਰੀ ਕੇਂਦਰਾ ਵਿਚ ਕੀਤੇ ਗਏ ਗਰਭਪਾਤ ਦੇ ਮਾਮਲਿਆਂ ਦੀ ਗਿਣਤੀ 1,44,864 ਅਤੇ ਨਿਜੀ ਕੇਂਦਰਾਂ ਵਿਚ 1,03.744 ਹੈ। ਇਸ ਤੋਂ ਜ਼ਾਹਰ ਹੈ ਕਿ ਹਰ ਸਾਲ ਔਸਤਨ ਦਿੱਲੀ ਵਿਚ 49,721 ਗਰਭਪਾਤ ਕੀਤੇ ਗਏ। ਸਮਾਜਿਕ ਵਰਕਰ ਰਾਜਸਹੰਸ ਬੰਸਲ ਦੀ ਆਰਟੀਆਈ 'ਤੇ ਦਿੱਲੀ ਸਰਕਾਰ ਦੇ ਪਰਵਾਰ ਭਲਾਈ ਮੰਤਰਾਲੇ ਤੋਂ
ਪ੍ਰਾਪਤ ਅੰਕੜਿਆਂ ਮੁਤਾਬਕ ਗਰਭਪਾਤ ਦੌਰਾਨ ਪੰਜ ਸਾਲਾਂ ਵਿਚ 42 ਔਰਤਾਂ ਦੀ ਮੌਤ ਹੋਈ। ਇਹਨਾਂ ਮੌਤਾਂ ਵਿਚ 40 ਮਾਮਲੇ ਸਰਕਾਰੀ ਕੇਂਦਰਾਂ ਅਤੇ ਦੋ ਮਾਮਲੇ ਨਿਜੀ ਕੇਂਦਰਾਂ ਵਿਚ ਦਰਜ ਕੀਤੇ ਗਏ ਹਨ। ਇੰਨਾ ਹੀ ਨਹੀਂ, ਦਿੱਲੀ ਵਿਚ ਇਹਨਾਂ ਪੰਜ ਸਾਲਾਂ ਵਿਚ ਜਣੇਪੇ ਦੋਰਾਨ 2,305 ਔਰਤਾਂ ਦੀ ਮੌਤ ਹੋਈ। ਇਹਨਾਂ ਵਿਚੋਂ 2,186 ਮੌਤਾਂ ਸਰਕਾਰੀ ਹਸਪਤਾਲਾਂ ਵਿਚ ਅਤੇ ਸਿਰਫ 119 ਨਿਜੀ ਹਸਪਤਾਲਾਂ ਵਿਚ ਹੋਈਆਂ।
ਅੰਕੜਿਆਂ ਮੁਤਾਬਕ ਜਣੇਪੇ ਦੌਰਾਨ ਮਾਂਵਾਂ ਦੀ ਮੌਤ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ। ਸਰਕਾਰੀ ਹਸਪਤਾਲਾਂ ਵਿਚ ਇਹ ਗਿਣਤੀ 2013-14 ਵਿਚ 389 ਤੋਂ ਵੱਧ ਕੇ 2017-18 ਵਿਚ 558 ਹੋ ਗਈ ਹੈ। ਜਦਕਿ ਨਿਜੀ ਹਸਪਤਾਲਾਂ ਵਿਚ ਜਣੇਪੇ ਦੌਰਾਨ ਮਾਵਾਂ ਦੀ ਮੌਤਾਂ ਦੀ ਗਿਣਤੀ 27 ਸੀ ਜੋ ਕਿ 2017-18 ਵਿਚ 24 'ਤੇ ਆ ਗਈ ਹੈ। ਅੰਕੜਿਆਂ ਮੁਤਾਬਕ 2013-14 ਵਿਚ ਕੁੱਲ 49,355 ਗਰਭਪਾਤ ਹੋਏ ਸਨ।
ਇਸ ਗਿਣਤੀ ਵਿਚ ਅਗਲੇ ਤਿੰਨ ਸਾਲ ਤੱਕ ਲਗਾਤਾਰ ਵਾਧਾ ਹੋਣ ਕਾਰਨ 2016-17 ਵਿਚ ਇਹ ਗਿਣਤੀ 55,554 ਹੋ ਗਈ ਹੈ। ਹੁਣ 2017-18 ਵਿਚ ਇਹ ਅੰਕੜਾ 39,187 ਹੋ ਗਿਆ ਹੈ। ਇਹਨਾਂ ਅੰਕੜਿਆਂ ਦੀ ਜ਼ਿਲ੍ਹਾ ਵਾਰ ਸਮੀਖਿਆ ਦੌਰਾਨ ਪਤਾ ਲਗਾ ਹੈ ਕਿ ਪੰਜ ਸਾਲਾਂ ਵਿਚ ਪੱਛਮੀ ਜ਼ਿਲ੍ਹਿਆਂ ਵਿਚ ਸੱਭ ਤੋਂ ਜ਼ਿਆਦਾ 39,215 ਅਤੇ ਉਤਰ ਪੂਰਬੀ ਜ਼ਿਲ੍ਹਿਆਂ ਵਿਚ ਸੱਭ ਤੋਂ ਘੱਟ 8294 ਗਰਭਪਾਤ ਹੋਏ।