ਕੋਰੋਨਾ ਵਿਸ਼ਾਣੂ ਦੇ 'ਪ੍ਰਭਾਵ' ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ
ਉਦਯੋਗਿਕ ਉਤਪਾਦਨ ਅਤੇ ਥੋਕ ਅਤੇ ਖ਼ੁਦਰਾ ਮੁਦਰਾ ਸਫ਼ੀਤੀ ਦੇ ਅੰਕੜਿਆਂ, ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਚੀਨ ਵਿਚ ਕੋਰੋਨਾ ਵਾਇਰਸ ਦੇ ਫ਼ੈਲਣ ਨਾਲ....
ਨਵੀਂ ਦਿੱਲੀ : ਉਦਯੋਗਿਕ ਉਤਪਾਦਨ ਅਤੇ ਥੋਕ ਅਤੇ ਖ਼ੁਦਰਾ ਮੁਦਰਾ ਸਫ਼ੀਤੀ ਦੇ ਅੰਕੜਿਆਂ, ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਚੀਨ ਵਿਚ ਕੋਰੋਨਾ ਵਾਇਰਸ ਦੇ ਫ਼ੈਲਣ ਨਾਲ ਜੁੜੀਆਂ ਗਤੀਵਿਧੀਆਂ ਇਸ ਹਫ਼ਤੇ ਸ਼ੇਅਰ ਬਾਜ਼ਾਰ ਦੀ ਚਾਲ ਤੈਅ ਕਰਣਗੀਆਂ। ਮਾਹਰਾਂ ਨੇ ਇਹ ਰਾਇ ਦਿਤੀ ਹੈ। ਇਸ ਹਫ਼ਤੇ ਬੁਧਵਾਰ ਨੂੰ ਉਦਯੋਗਿਕ ਉਤਪਾਦਨ ਅਤੇ ਖ਼ੁਦਰਾ ਮੁਦਰਾ ਸਫ਼ੀਤੀ ਦੇ ਅੰਕੜੇ ਆਉਣ ਵਾਲੇ ਹਨ।
ਇਨ੍ਹਾਂ ਤੋਂ ਬਾਅਦ ਸ਼ੁਕਰਵਾਰ ਨੂੰ ਥੋਕ ਮੁੱਲ ਸੂਚਕਾਂਕ ਅਧਾਰਤ ਮੁਦਰਾ ਸਫ਼ੀਤੀ ਦੇ ਅੰਕੜੇ ਜਾਰੀ ਹੋਣਗੇ। ਪਿਛਲੇ ਹਫ਼ਤੇ ਸਨਿਚਰਵਾਰ ਨੂੰ ਦਿੱਲੀ ਵਿਘਾਨ ਸਭਾ ਚੋਣਾਂ ਲਈ ਵੋਟਾਂ ਹੋਈਆਂ। 70 ਮੈਂਬਰੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਫ਼ਰਵਰੀ ਨੂੰ ਆਉਣਗੇ। ਮੋਤੀਲਾਲ ਓਸਵਾਲ ਫ਼ਾਈਨੈਸ਼ੀਅਲ ਸਰਵਿਸਿਜ਼ ਲਿਮਟਿਡ ਦੇ ਖੁਦਰਾ ਸੋਧ ਮੁੱਖੀ ਸਿਧਾਰਥ ਖ਼ੇਮਕਾ ਨੇ ਕਿਹਾ, ''ਸਾਡਾ ਅੰਦਾਜ਼ਾ ਹੈ ਕਿ ਜਦੋਂ ਤਕ ਆਰਥਿਕ ਵਾਧੇ ਵਿਚ ਸੁਧਾਰ ਦੇ ਵਿਆਪਕ ਸੰਕੇਤ ਸਾਹਮਣੇ ਨਹੀਂ ਆਉਂਦੇ ਹਨ,
ਬਾਜ਼ਾਰ ਸੀਮਤ ਦਾਇਰੇ ਵਿਚ ਰਹੇਗਾ। ਬਾਅਦ ਵਿਚ ਬਾਜ਼ਾਰ ਦੀਆਂ ਨਜ਼ਰਾਂ ਕੋਰੋਨਾ ਵਿਸ਼ਾਣੂ ਨਾਲ ਜੁੜੀਆਂ ਗਤੀਵਿਧੀਆਂ 'ਤੇ ਕੇਂਦ੍ਰਿਤ ਹੋ ਸਕਦੀਆਂ ਹਨ। ਇਸ ਦੌਰਾਨ ਤਿਮਾਹੀ ਨਤੀਜਿਆਂ ਕਾਰਨ ਚੁਨਿੰਦਾ ਖੇਤਰ ਵਿਆਪਕ ਬਾਜ਼ਾਰ ਦੀ ਤੁਲਨਾ ਵਿਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।'' ਨਿਵੇਸ਼ਕਾਂ ਦੀਆਂ ਨਜ਼ਰਾਂ ਆਲਮੀ ਬਾਜ਼ਾਰਾਂ 'ਤੇ ਵੀ ਰਹਿਣਗੀਆਂ।