ਕੋਰੋਨਾ ਵਾਇਰਸ ਦਾ ਬਦਲਿਆ ਨਾਮ,ਹੁਣ ਨਵੇਂ ਨਾਮ ਨਾਲ ਕੋਰੋਨਾ ਵਾਇਰਸ ਨੂੰ ਜਾਣੇਗੀ ਦੁਨੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਭਰ ਦੇ ਦੇਸ਼ਾਂ ਵਿਚ ਦਸਤਕ ਦੇ ਚੁੱਕਿਆ ਹੈ

File Photo

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਭਰ ਦੇ ਦੇਸ਼ਾਂ ਵਿਚ ਦਸਤਕ ਦੇ ਚੁੱਕਿਆ ਹੈ। ਚੀਨ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਆਂਕੜਾ ਵੱਧਦਾ ਹੀ ਜਾ ਰਿਹਾ ਹੈ ਪਰ ਇਸੇ ਵਿਚਾਲੇ ਹੀ ਚੀਨ ਨੇ ਕੋਰੋਨਾ ਵਾਇਰਸ ਦੇ ਨਵੇਂ ਨਾਮ ਦਾ ਐਲਾਨ ਕੀਤਾ ਹੈ। ਹੁਣ ਇਸ ਵਾਇਰਸ ਨੂੰ ਨੋਵੇਲ ਕੋਰਨਾਵਾਇਰਸ ਨਿਮੋਨੀਆ ਦੇ ਨਾਮ ਨਾਲ ਜਾਣਿਆ ਜਾਵੇਗਾ।

ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਨੇ ਸ਼ਨਿੱਚਰਵਾਰ ਨੂੰ ਇਸ ਨਵੇਂ ਨਾਮ ਦਾ ਐਲਾਨ ਕਰਦਿਆ ਦੱਸਿਆ ਕਿ ਇਸ ਨਵੇਂ ਵਾਇਰਸ ਨੂੰ ਕੋਈ ਸਥਾਈ ਨਾਮ ਦਿੱਤੇ ਜਾਣ ਤੱਕ ਚੀਨ ਵਿਚ ਚੀਨੀ ਸਰਕਾਰ ਦੇ ਵਿਭਾਗਾਂ ਅਤੇ ਸੰਸਥਾਨਾਂ ਦੁਆਰਾ ਇਸ ਨਾਮ ਨੂੰ ਵਰਤਿਆ ਜਾਣਾ ਚਾਹੀਦਾ ਹੈ। ਮੀਡੀਆ ਰਿਪੋਰਟਾ ਅਨੁਸਾਰ ਨਵੇਂ ਵਾਇਰਸ ਦਾ ਨਾਮ ਇੰਟਰਨੈਸ਼ਨਲ ਕਮੇਟੀ ਆਫ ਟੈਕਸੋਨਾਮੀ ਆਫ ਵਾਇਰਸ ਦੁਆਰਾ ਰੱਖਿਆ ਜਾਂਦਾ ਹੈ। ਸਾਈਂਟੀਫਿਕ ਜਨਰਲ ਅਤੇ ਕਮੇਟੀ ਨੂੰ ਇਕ ਨਾਮ ਦਿੱਤਾ ਗਿਆ ਹੈ ਅਤੇ ਕੁੱਝ ਦਿਨਾਂ ਵਿਚ ਇਸ ਦੇ ਨਵੇਂ ਨਾਮ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ।

ਚੀਨ ਸਰਕਾਰ ਦੁਆਰਾ ਜਾਰੀ ਅੰਕੜਿਆ ਅਨੁਸਾਰ ਚੀਨ ਵਿਚ ਲਗਭਗ 35,546 ਲੋਕਾਂ ਨੂੰ ਨੋਵੇਲ  ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਅਤੇ 723 ਲੋਕ ਇਸ ਵਾਇਰਸ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ। ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਨਾਲ 34,800 ਲੋਕ ਪੀੜਤ ਹਨ। ਇਹ ਵਾਇਰਸ ਲਗਭਗ 27 ਦੇਸ਼ਾਂ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ।

ਚੀਨ ਵਿਚ ਇਸ ਵਾਇਰਸ ਨਾਲ ਮਰਨ ਵਾਲਿਆ ਦੇ ਇਕ ਵੱਡਾ ਕਾਰਨ ਉੱਥੇ ਹੋ ਰਹੇ ਮੈਡੀਕਲ ਉਪਕਰਨਾ ਦੀ ਕਮੀ ਨੂੰ ਵੀ ਮੰਨਿਆ ਜਾ ਰਿਹਾ ਹੈ ਜਿਸ ਦੀ ਪੂਰਤੀ ਲਈ ਚੀਨ ਦੂਜੇ ਦੇਸ਼ਾਂ ਦਾ ਵੀ ਸਹਾਰਾ ਲੈ ਰਿਹਾ ਹੈ। ਸਮੇਂ ਉੱਤੇ ਇਲਾਜ ਨਾਂ ਮਿਲਣ ਕਰਕੇ ਚੀਨ ਵਿਚ ਲੋਕ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ।

ਨੋਵੇਲ ਕੋਰੋਨਾ ਵਾਇਰਸ ਹੁਣ ਤੱਕ ਜਪਾਨ, ਸਿੰਗਾਪੁਰ, ਥਾਈਲੈਂਡ,ਹਾਂਗਕਾਂਗ,ਦੱਖਣੀ ਕੋਰੀਆਂ,ਅਸਟ੍ਰੇਲੀਆ, ਜਰਮਨੀ, ਅਮਰੀਕਾ,ਤਾਈਵਾਨ,ਮਲੇਸ਼ੀਆ,ਵਿਅਤਨਾਮ, ਫਰਾਂਸ,ਯੂਏਈ,ਕਨੇਡਾ,ਭਾਰਤ,ਫਿਲੀਪਿਂਸ, ਰੂਸ, ਇਟਲੀ, ਬ੍ਰਿਟਨ,ਬੇਲਜੀਅਮ,ਨੇਪਾਲ,ਸ਼੍ਰੀਲੰਕਾ,ਸਵੀਡਨ,ਸਪੇਨ,ਕਮਬੋਡੀਆ ਅਤੇ ਫਿਨਲੈਂਡ ਵਿਚ ਫੈਲ ਚੁੱਕਿਆ ਹੈ।