ਲੋਕ ਸਭਾ ਚੋਣਾਂ-2019 ਦੀਆਂ ਤਰੀਕਾਂ ਦਾ ਐਲਾਨ
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇਸ ਵਾਰ ਚੋਣਾਂ 7 ਗੇੜ 'ਚ ਹੋਣਗੀਆਂ। 11 ਅਪ੍ਰੈਲ ਤੋਂ ਚੋਣਾਂ ਸ਼ੁਰੂ ਹੋਣਗੀਆਂ ਅਤੇ 19 ਮਈ ਨੂੰ...
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇਸ ਵਾਰ ਚੋਣਾਂ 7 ਗੇੜ 'ਚ ਹੋਣਗੀਆਂ। 11 ਅਪ੍ਰੈਲ ਤੋਂ ਚੋਣਾਂ ਸ਼ੁਰੂ ਹੋਣਗੀਆਂ ਅਤੇ 19 ਮਈ ਨੂੰ ਖ਼ਤਮ ਹੋਣਗੀਆਂ। 23 ਮਈ ਨੂੰ ਨਤੀਜੇ ਆਉਣਗੇ। 3 ਜੂਨ ਨੂੰ ਨਵੀਂ ਲੋਕ ਸਭਾ ਦਾ ਗਠਨ ਹੋ ਜਾਵੇਗਾ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਤ ਕਰਦਿਆਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ 'ਚ 90 ਕਰੋੜ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ 'ਚ 8.4 ਕਰੋੜ ਨਵੇਂ ਵੋਟਰ ਸ਼ਾਮਲ ਹਨ। 18 ਤੋਂ 19 ਸਾਲ ਦੇ ਲਗਭਗ 1.50 ਕਰੋੜ ਵੋਟਰ ਇਸ ਵਾਰ ਵੋਟ ਪਾਉਣਗੇ।
ਚੋਣ ਕਮਿਸ਼ਨਰ ਨੇ ਦੱਸਿਆ ਕਿ 10 ਲੱਖ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਸਾਰੇ ਵੋਟਿੰਗ ਕੇਂਦਰਾਂ 'ਚ VVPT ਦੀ ਵਰਤੋਂ ਕੀਤੀ ਜਾਵੇਗੀ। ਵੋਟ ਪਾਉਣ ਮਗਰੋਂ ਸਾਰੇ ਵੋਟਰਾਂ ਨੂੰ ਪਰਚੀ ਮਿਲੇਗੀ। ਇਸ ਵਾਰ ਈ.ਵੀ.ਐਮ. 'ਚ ਉਮੀਦਵਾਰਾਂ ਦੀਆਂ ਤਸਵੀਰਾਂ ਵੀ ਹੋਣਗੀਆਂ। ਵੋਟਿੰਗ ਤੋਂ 48 ਘੰਟੇ ਪਹਿਲਾਂ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਬੰਦ ਕਰਨਾ ਹੋਵੇਗਾ। ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦੀ ਅੰਤਮ ਮਿਤੀ 18 ਤੋਂ 25 ਮਾਰਚ ਤਕ ਹੈ।
ਚੋਣ ਕਮਿਸ਼ਨਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਹੈਲਪਲਾਈਨ ਨੰਬਰ-1950 ਹੋਵੇਗਾ। ਸਾਰੇ ਚੋਣ ਅਧਿਤਾਰੀਆਂ ਦੀਆਂ ਗੱਡੀਆਂ 'ਚ ਜੀ.ਪੀ.ਐਸ. ਹੋਵੇਗਾ। ਮੋਬਾਈਲ 'ਤੇ ਐਪ ਰਾਹੀਂ ਵੀ ਚੋਣ ਕਮਿਸ਼ਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ 100 ਮਿੰਟ ਅੰਦਰ ਇਸ ਸ਼ਿਕਾਇਤ 'ਤੇ ਕਾਰਵਾਈ ਹੋਵੇਗੀ।
ਸੁਨੀਲ ਅਰੋੜਾ ਨੇ ਦੱਸਿਆ ਕਿ ਜੇ ਉਮੀਦਵਾਰ ਫ਼ਾਰਮ-26 'ਚ ਸਾਰੀਆਂ ਜਾਣਕਾਰੀਆਂ ਨਹੀਂ ਭਰਦਾ ਤਾਂ ਉਸ ਦਾ ਨਾਮਜ਼ਦਗੀ ਕਾਗ਼ਜ਼ ਰੱਦ ਹੋ ਜਾਵੇਗਾ। ਨਾਲ ਹੀ ਬਗੈਰ ਪੈਨ ਕਾਰਡ ਵਾਲੇ ਉਮੀਦਵਾਰਾਂ ਦੇ ਕਾਗ਼ਜ਼ ਵੀ ਰੱਦ ਹੋਣਗੇ।
ਕਦੋਂ-ਕਦੋਂ ਹੋਣਗੀਆਂ ਚੋਣਾਂ :
- ਪਹਿਲਾ ਗੇੜ (11 ਅਪ੍ਰੈਲ) : ਆਂਧਰਾ ਪ੍ਰਦੇਸ਼ (25 ਸੀਟਾਂ), ਅਰੁਣਾਚਲ ਪ੍ਰਦੇਸ਼ (2), ਅਸਮ (5), ਬਿਹਾਰ (4), ਛੱਤੀਸਗੜ੍ਹ (1), ਜੰਮੂ-ਕਸ਼ਮੀਰ (2) ਸੀਟਾਂ, ਮਹਾਰਾਸ਼ਟਰ (1), ਮੇਘਾਲਿਆ (1), ਉੜੀਸਾ (4), ਸਿੱਕਮ (1), ਤੇਲੰਗਾਨਾ (17), ਤ੍ਰਿਪੁਰਾ (1), ਉੱਤਰ ਪ੍ਰਦੇਸ਼ (8), ਉੱਤਰਾਖੰਡ (5), ਪੱਛਮ ਬੰਗਾਲ (2), ਅੰਡਮਾਨ ਨਿਕੋਬਾਰ (1), ਲਕਸ਼ਦੀਪ (1)
- ਦੂਜਾ ਗੇੜ (18 ਅਪ੍ਰੈਲ) : ਅਸਮ (5 ਸੀਟਾਂ), ਬਿਹਾਰ (5), ਛੱਤੀਸਗੜ੍ਹ (3), ਜੰਮੂ-ਕਸ਼ਮੀਰ (2), ਕਰਨਾਟਕ (14), ਮਹਾਰਾਸ਼ਟਰ (10), ਮਣੀਪੁਰ (1), ਉੜੀਸਾ (5), ਤਾਮਿਲਨਾਡੂ (39), ਤ੍ਰਿਪੁਰਾ (1), ਉੱਤਰ ਪ੍ਰਦੇਸ਼ (8), ਪੱਛਮ ਬੰਗਾਲ (3), ਪੁਡੂਚੇਰੀ (1)
- ਤੀਜਾ ਗੇੜ (23 ਅਪ੍ਰੈਲ) : ਅਸਮ (4 ਸੀਟਾਂ), ਬਿਹਾਰ (5), ਛੱਤੀਸਗੜ੍ਹ (7), ਗੁਜਰਾਤ (26), ਗੋਵਾ (2), ਜੰਮੂ-ਕਸ਼ਮੀਰ (1), ਕਰਨਾਟਕ (14), ਕੇਰਲ (20), ਮਹਾਰਾਸ਼ਟਰ (14), ਉੜੀਸਾ (6), ਉੱਤਰ ਪ੍ਰਦੇਸ਼ (10), ਪੱਛਮ ਬੰਗਾਲ (5), ਦਾਦਰ ਨਾਗਰ ਹਵੇਲੀ (1), ਦਮਨ ਦੀਵ (1)
- ਚੌਥਾ ਗੇੜ (29 ਅਪ੍ਰੈਲ) : ਬਿਹਾਰ (5 ਸੀਟਾਂ), ਜੰਮੂ-ਕਸ਼ਮੀਰ (1), ਝਾਰਖੰਡ (3), ਮੱਧ ਪ੍ਰਦੇਸ਼ (6), ਮਹਾਰਾਸ਼ਟਰ (17), ਉੜਾਸੀ (6), ਰਾਜਸਥਾਨ (13), ਉੱਤਰ ਪ੍ਰਦੇਸ਼ (13), ਪੱਛਮ ਬੰਗਾਲ (8)
- ਪੰਜਵਾਂ ਗੇੜ (6 ਮਈ) : ਬਿਹਾਰ (5 ਸੀਟਾਂ), ਜੰਮੂ-ਕਸ਼ਮੀਰ (2), ਝਾਰਖੰਡ (4), ਮੱਧ ਪ੍ਰਦੇਸ਼ (7), ਰਾਜਸਥਾਨ (12), ਉੱਤਰ ਪ੍ਰਦੇਸ਼ (14), ਪੱਛਮ ਬੰਗਾਲ (7)
- ਛੇਵਾਂ ਗੇੜ (12 ਮਈ) : ਬਿਹਾਰ (8 ਸੀਟਾਂ), ਹਰਿਆਣਾ (10), ਝਾਰਖੰਡ (4), ਮੱਧ ਪ੍ਰਦੇਸ਼ (8), ਉੱਤਰ ਪ੍ਰਦੇਸ਼ (14), ਪੱਛਮ ਬੰਗਾਲ (8), ਦਿੱਲੀ (7)
- ਸੱਤਵਾਂ ਗੇੜ (19 ਮਈ) : ਬਿਹਾਰ (8 ਸੀਟਾਂ), ਝਾਰਖੰਡ (3), ਮੱਧ ਪ੍ਰਦੇਸ਼ (8), ਪੰਜਾਬ (13), ਚੰਡੀਗੜ੍ਹ (1), ਪੱਛਮ ਬੰਗਾਲ (9), ਹਿਮਾਚਲ ਪ੍ਰਦੇਸ਼ (4)
2014 ਲੋਕ ਸਭਾ ਚੋਣਾਂ ਦਾ ਵੇਰਵਾ : ਸਾਲ 2014 'ਚ ਲੋਕ ਸਭਾ ਚੋਣਾਂ ਦੇ 9 ਗੇੜ ਸਨ। ਵੋਟਾਂ ਦੀ ਗਿਣਤੀ 16 ਮਈ ਨੂੰ ਕੀਤੀ ਗਈ ਸੀ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 336 ਸੀਟਾਂ, ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਨੂੰ 60 ਸੀਟਾਂ ਅਤੇ ਹੋਰ ਖੇਤਰੀ ਪਾਰਟੀਆਂ ਨੂੰ 147 ਸੀਟਾਂ ਮਿਲੀਆਂ ਸਨ।