ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੀਆਂ ; ਮਿਤੀ ਦਾ ਐਲਾਨ ਅਗਲੇ ਕੁੱਝ ਦਿਨਾਂ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਚੋਣ ਕਮਿਸ਼ਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਛੇਤੀ ਕਰੇਗਾ ਜੋ ਅਪ੍ਰੈਲ-ਮਈ 'ਚ ਸੱਤ-ਅੱਠ ਗੇੜਾਂ 'ਚ ਮੁਕੰਮਲ ਹੋ ਸਕਦੀਆਂ ਹਨ...

Lok Sabha Election

ਨਵੀਂ ਦਿੱਲੀ : ਚੋਣ ਕਮਿਸ਼ਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਛੇਤੀ ਕਰੇਗਾ ਜੋ ਅਪ੍ਰੈਲ-ਮਈ 'ਚ ਸੱਤ-ਅੱਠ ਗੇੜਾਂ 'ਚ ਮੁਕੰਮਲ ਹੋ ਸਕਦੀਆਂ ਹਨ। ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨਰ 17ਵੀਂ ਲੋਕ ਸਭਾ ਦੀਆਂ ਚੋਣਾਂ ਕਰਵਾਉਣ ਲਈ ਸਾਜ਼ੋ-ਸਾਮਾਨ ਦੀਆਂ ਤਿਆਰੀਆਂ ਪੂਰੀਆਂ ਕਰਨ ਦੇ ਆਖ਼ਰੀ ਗੇੜ 'ਚ ਹੈ। ਚੋਣਾਂ ਦੇ ਵਿਸਤ੍ਰਿਤ ਪ੍ਰੋਗਰਾਮ ਦਾ ਐਲਾਨ ਇਸ ਹਫ਼ਤੇ ਦੇ ਅਖ਼ੀਰ ਜਾਂ ਅਗਲੇ ਹਫ਼ਤੇ ਦੀ ਸ਼ੁਰੂਆਤ ਤਕ ਹੋ ਸਕਦਾ ਹੈ। ਮੌਜੂਦਾ ਲੋਕ ਸਭਾ ਦਾ ਕਾਰਜਵਾਲ 3 ਜੂਨ ਨੂੰ ਖ਼ਤਮ ਹੋ ਰਿਹਾ ਹੈ। 

ਚੋਣਾਂ ਦੀਆਂ ਮਿਤੀਆਂ ਦੇ ਐਲਾਨ ਤੋਂ ਬਾਅਦ ਅਗਲੇ ਹਫ਼ਤੇ ਪਹਿਲੇ ਅਤੇ ਦੂਜੇ ਗੇੜ ਦੀ ਵੋਟਿੰਗ ਲਈ ਚੋਣ ਅਬਜ਼ਰਵਰਤਾਂ ਦੀ ਬੈਠਕ ਹੋਵੇਗੀ। ਚੋਣ ਕਮਿਸ਼ਨ ਦੇ ਇਕ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ਕਮਿਸ਼ਨ ਕਿਸੇ ਵੀ ਦਿਨ ਮਿਤੀਆਂ ਦਾ ਐਲਾਨ ਕਰਨ ਲਈ ਤਿਆਰ ਹੈ ਅਤੇ ਇਹ ਐਲਾਨ ਇਸ ਹਫ਼ਤੇ ਦੇ ਅੰਤ ਤਕ ਜਾਂ ਵੱਧ ਤੋਂ ਵੱਧ ਮੰਗਲਵਾਰ ਤਕ ਹੋ ਸਕਦਾ ਹੈ। ਸੂਤਰਾਂ ਅਨੁਸਾਰ ਪਹਿਲੇ ਗੇੜ ਦੀਆਂ ਵੋਟਾਂ ਲਈ ਨੋਟੀਫ਼ੀਕੇਸ਼ਨ ਮਾਰਚ ਦੇ ਅਖ਼ੀਰ ਤਕ ਜਾਰੀ ਹੋ ਸਕਦਾ ਹੈ ਅਤੇ ਇਸ ਲਈ ਵੋਟਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਹੋਣ ਦੀ ਉਮੀਦ ਹੈ।

ਪੂਰੀ ਉਮੀਦ ਹੈ ਕਿ ਕਮਿਸ਼ਨ ਪੁਰਾਣੀ ਪਰੰਪਰਾ ਵਾਂਗ ਆਂਧਰ ਪ੍ਰਦੇਸ਼, ਉੜੀਸਾ, ਸਿੱਕਿਮ ਅਤੇ ਅਰੁਣਾਂਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੀ ਲੋਕ ਸਭਾ ਚੋਣਾਂ ਨਾਲ ਕਰਵਾ ਸਕਦਾ ਹੈ। ਇਕ ਰਾਏ ਹੈ ਕਿ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵੀ ਲੋਕ ਸਭਾ ਚੋਣਾਂ ਦੇ ਨਾਲ ਹੋਣਗੀਆਂ ਪਰ ਭਾਰਤ-ਪਾਕਿਸਤਾਨ ਸਰਹੱਦ ਉਤੇ ਤਣਾਅ ਵਧਣ ਕਰ ਕੇ ਸੂਬੇ ਦੇ ਗੁੰਝਲਦਾਰ ਸੁਰੱਖਿਆ ਹਾਲਾਤ ਨੂੰ ਵੇਖਦਿਆਂ ਹੀ ਫ਼ੈਸਲਾ ਕੀਤਾ ਜਾਵੇਗਾ।  (ਪੀਟੀਆਈ)