ਬਹੁਤ ਹੋ ਗਿਆ, ਅਸੀਂ ਅਨੰਤ ਕਾਲ ਤਕ ਪੀੜਤ ਨਹੀਂ ਰਹਿ ਸਕਦੇ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਾਜ਼ੀਆਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਨਿਸ਼ਾਨਾ ਬਣਾ ਰਹੀਆਂ ਅਤਿਵਾਦੀਆਂ ਤਾਕਤਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਹਮੇਸ਼ਾ ਲਈ...

Modi

ਗਾਜ਼ੀਆਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਨਿਸ਼ਾਨਾ ਬਣਾ ਰਹੀਆਂ ਅਤਿਵਾਦੀਆਂ ਤਾਕਤਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਹਮੇਸ਼ਾ ਲਈ ਪੀੜਤ ਨਹੀਂ ਰਹਿ ਸਕਦਾ। ਪੁਲਵਾਮਾ ਅਤੇ ਉੜੀ ਅਤਿਵਾਦੀ ਹਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, 'ਬਹੁਤ ਹੋ ਗਿਆ। ਅਸੀਂ ਅਨੰਤ ਕਾਲ ਤਕ ਪੀੜਤ ਨਹੀਂ ਰਹਿ ਸਕਦੇ।'

ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ 50ਵੇਂ ਸਥਾਪਨਾ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਦੇਸ਼ ਦੁਸ਼ਮਣ ਗੁਆਂਢੀ ਦਾ ਸਾਹਮਣਾ ਕਰ ਰਿਹਾ ਹੋਵੇ ਅਤੇ ਸਰਹੱਦ ਪਾਰ ਤੋਂ ਦੇਸ਼ ਅੰਦਰ ਹੋ ਰਹੀਆਂ ਸਾਜ਼ਸ਼ਾਂ ਨੂੰ ਸ਼ਹਿ ਮਿਲ ਰਹੀ ਹੋਵੇ ਤਾਂ ਅਜਿਹੇ ਵਿਚ ਸੀਆਈਐਸਐਫ਼ ਜਿਹੇ ਸੁਰੱਖਿਆ ਬਲਾਂ ਦੀ ਭੂਮਿਕਾ ਕਾਫ਼ੀ ਅਹਿਮ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਜਦ ਗੁਆਂਢੀ ਦੁਸ਼ਮਣੀ ਨਾਲ ਭਰਿਆ ਹੋਵੇ ਪਰ ਜੰਗ ਲੜਨ ਦੀ ਸਮਰੱਥਾ ਨਾ ਰਖਦਾ ਹੋਵੇ, ਜਦ ਸਰਹੱਦ ਪਾਰ ਤੋਂ ਦੇਸ਼ ਵਿਚ ਘਾਤ ਲਾਉਣ ਦੀਆਂ ਸਾਜ਼ਸ਼ਾਂ ਨੂੰ ਇਥੋਂ ਹੱਲਾਸ਼ੇਰੀ ਮਿਲ ਰਹੀ ਹੋਵੇ ਅਤੇ ਇਸ ਤਰ੍ਹਾਂ ਦੀਆਂ ਮੁਸ਼ਕਲ ਹਾਲਤਾਂ ਵਿਚ ਜਦ ਅਤਿਵਾਦ ਦੀ ਭਿਆਨਕ ਤਸਵੀਰ ਸਾਹਮਣੇ ਆਵੇ ਤਾਂ ਦੇਸ਼ ਅਤੇ ਸੰਸਥਾਥਾਂ ਦੀ ਸੁਰੱਖਿਆ ਬਹੁਤ ਚੁਨੌਤੀਪੂਰਨ ਹੁੰਦੀ ਹੈ।'

ਬਾਲਾਕੋਟ ਹਮਲੇ ਵਲ ਇਸ਼ਾਰਾ ਕਰਦਿਆਂ ਮੋਦੀ ਨੇ ਕਿਹਾ ਕਿ ਕਦੇ ਕਦੇ ਸਰਕਾਰ ਨੂੰ ਸਖ਼ਤ ਫ਼ੈਸਲੇ ਕਰਨੇ ਪੈਂਦੇ ਹਨ। ਸੀਆਈਐਸਐਫ਼ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਅਕਤੀ ਦੀ ਸੁਰੱਖਿਆ ਕਰਨਾ ਸੌਖਾ ਹੈ ਪਰ ਸੰਸਥਾ ਦੀ ਸੁਰੱਖਿਆ ਕਰਨਾ ਮੁਸ਼ਕਲ ਹੈ ਜਿਥੇ ਰੋਜ਼ਾਨਾ ਕਰੀਬ 30 ਲੱਖ ਲੋਕ ਆਉਂਦੇ ਹਨ ਜਾਂ ਅੱਠ ਲੱਖ ਲੋਕ ਰੋਜ਼ਾਨਾ ਯਾਤਰਾ ਕਰਦੇ ਹਨ। ਜ਼ਿਕਰਯੋਗ ਹੈ ਕਿ ਸੀਆਈਐਸਐਫ਼ ਕੋਲ ਅਹਿਮ ਅਦਾਰਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਜਿਵੇਂ ਪ੍ਰਮਾਣੂ ਸੰਸਥਾਵਾਂ, ਬੰਦਰਗਾਹ, ਸਰਕਾਰੀ ਇਮਾਰਤਾਂ, ਦਿੱਲੀ ਮੈਟਰੋ ਰੇਲ ਨਿਗਮ ਆਦਿ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ਼ ਗੇਟ 'ਤੇ ਹੀ ਨਹੀਂ ਖਲੋਤੇ ਸਗੋਂ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਦੇ ਰਹੇ ਹੋ। (ਏਜੰਸੀ)