ਰਾਹੁਲ ਗਾਂਧੀ ਨੇ ਅਮੇਠੀ ਤੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਮਜ਼ਦਗੀ ਤੋਂ ਪਹਿਲਾਂ ਰਾਹੁਲ ਨੇ ਲਗਭਗ ਦੋ ਘੰਟੇ ਤਕ ਰੋਡ ਸ਼ੋਅ ਕੀਤਾ

Rahul Gandhi files nomination from Amethi

ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਅਮੇਠੀ ਤੋਂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ। ਇਸ ਦੌਰਾਨ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ, ਭੈਣ ਪ੍ਰਿਅੰਕਾ ਗਾਂਧੀ ਅਤੇ ਜੀਜਾ ਰਾਬਰਟ ਵਾਡਰਾ ਵੀ ਉਨ੍ਹਾਂ ਨਾਲ ਮੌਜੂਦ ਸਨ। ਨਾਮਜ਼ਦਗੀ ਤੋਂ ਪਹਿਲਾਂ ਰਾਹੁਲ ਨੇ ਲਗਭਗ ਦੋ ਘੰਟੇ ਤਕ ਰੋਡ ਸ਼ੋਅ ਕੀਤਾ। ਇਸ ਮੌਕੇ ਕਾਂਗਰਸੀ ਵਰਕਰਾਂ ਦਾ ਉਤਸਾਹ ਵੇਖਣਯੋਗ ਸੀ।

ਮੁੰਸ਼ੀਗੰਜ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਕਾਂਗਰਸੀ ਸਮਰਥਕਾਂ ਦੀ ਸੜਕ ਦੇ ਦੋਹਾਂ ਪਾਸੇ ਭਾਰੀ ਭੀੜ ਸੀ। ਵਰਕਰਾਂ ਨੇ ਹੱਥਾਂ 'ਚ ਕਾਂਗਗਸ ਦੇ ਝੰਡੇ ਫੜੇ ਹੋਏ ਸਨ। ਭਾਰੀ ਗਰਮੀ 'ਚ ਲੋਕਾਂ ਦਾ ਜਲੂਸ ਗਾਂਧੀ ਪਰਵਾਰ ਦੇ ਕਾਫ਼ਲੇ ਨਾਲ ਚੱਲ ਰਿਹਾ ਸੀ। ਕਾਂਗਰਸ ਦੇ ਗੜ੍ਹ 'ਚ ਰਾਹੁਲ ਗਾਂਧੀ ਦਾ ਮੁਕਾਬਲਾ ਭਾਜਪਾ ਦੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਹੈ। ਰਾਹੁਲ ਨੇ ਕੇਰਲ ਦੇ ਵਾਏਨਾਡ ਤੋਂ ਵੀ ਕਾਗ਼ਜ਼ ਦਾਖ਼ਲ ਕੀਤੇ ਹਨ।

ਰਾਹੁਲ ਲਗਭਗ 2 ਘੰਟੇ ਤਕ ਰੋਡ ਸ਼ੋਅ ਕਰਨ ਮਗਰੋਂ ਦੁਪਹਿਰ ਲਗਭਗ 12 ਵਜੇ ਕਾਗ਼ਜ਼ ਦਾਖ਼ਲ ਕਰਨ ਪੁੱਜੇ। ਰਾਹੁਲ ਗਾਂਧੀ ਅਮੇਠੀ ਤੋਂ ਲਗਾਤਾਰ 3 ਵਾਰ ਸੰਸਦ ਮੈਂਬਰ ਚੁਣੇ ਗਏ ਹਨ। 2004 'ਚ ਉਨ੍ਹਾਂ ਨੇ ਪਹਿਲੀ ਵਾਰ ਇੱਥੋਂ ਜਿੱਤ ਹਾਸਲ ਕੀਤੀ ਸੀ। ਫਿਰ 2009 ਅਤੇ 2014 'ਚ ਵੀ ਇਸ ਸੀਟ ਤੋਂ ਜੇਤੂ ਰਹੇ ਸਨ। ਪਿਛਲੀ ਵਾਰ ਉਨ੍ਹਾਂ ਨੇ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ ਚੋਣਾਂ 'ਚ ਹਰਾਇਆ ਸੀ। ਇਸ ਵਾਰ ਫਿਰ ਮੁਕਾਬਲਾ ਸਮ੍ਰਿਤੀ ਨਾਲ ਹੀ ਹੈ। ਸਮ੍ਰਿਤੀ ਇਰਾਨੀ ਭਲਕੇ 11 ਅਪ੍ਰੈਲ ਨੂੰ ਕਾਗ਼ਜ਼ ਦਾਖ਼ਲ ਕਰੇਗੀ।