ਜੇ ਕਿਸਾਨ ਗੱਲਬਾਤ ਲਈ ਆਉਣਗੇ ਤਾਂ ਸਰਕਾਰ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਹੈ- ਖੇਤੀਬਾੜੀ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਲਈ ਕਿਹਾ

Narendra Singh Tomar

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਅਗਲੇ ਗੇੜ ਦੀ ਮੀਟਿੰਗ ਸਬੰਧੀ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਹੈ।

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਈ ਕਿਸਾਨ ਜਥੇਬੰਦੀਆਂ, ਅਰਥਸ਼ਾਸਤਰੀ ਖੇਤੀਬਾੜੀ ਬਿਲਾਂ ਦਾ ਸਮਰਥਨ ਕਰ ਰਹੇ ਹਨ ਪਰ ਕੁਝ ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨਾਲ ਸਰਕਾਰ ਨੇ 11 ਗੇੜ ਦੀ ਗੱਲਬਾਤ ਕੀਤੀ ਹੈ, ਅਸੀਂ ਅੱਗੇ ਵੀ ਗੱਲਬਾਤ ਲਈ ਤਿਆਰ ਹਾਂ।

ਉਹਨਾਂ ਕਿਹਾ ਜੇ ਕਿਸਾਨ ਗੱਲਬਾਤ ਲਈ ਆਉਣਗੇ ਤਾਂ ਸਰਕਾਰ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਲਈ ਕਿਹਾ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਾਨੂੰਨ ਵਿਚ ਜਿਨ੍ਹਾਂ ਥਾਵਾਂ ’ਤੇ ਕਿਸਾਨਾਂ ਨੂੰ ਸਮੱਸਿਆ ਹੋ ਸਕਦੀ ਹੈ, ਉਹਨਾਂ ਉੱਤੇ ਚਰਚਾ ਕਰਨ ਅਤੇ ਸੋਧ ਕਰਨ ਦਾ ਸੁਝਾਅ ਦਿੱਤਾ ਗਿਆ।

ਬਾਅਦ ਵਿਚ ਕਾਨੂੰਨਾਂ ਨੂੰ ਡੇਢ ਸਾਲ ਲਈ ਰੱਦ ਕਰਨ ਦੀ ਪੇਸ਼ਕਸ਼ ਦਿੱਤੀ ਗਈ। ਸਰਕਾਰ ਨੇ ਕਮੇਟੀ ਬਣਾਉਣ ਅਤੇ ਉਸ ਵਿਚ ਐਮਐਸਪੀ ਅਤੇ ਖੇਤੀ ਕਾਨੂੰਨਾਂ ’ਤੇ ਚਰਚਾ ਕਰਨ ਦਾ ਸੁਝਾਅ ਦਿੱਤਾ ਪਰ ਕਿਸਾਨ ਜਥੇਬੰਦੀਆਂ ਨੇ ਬਿਨਾਂ ਕਾਰਨ ਦੱਸੇ ਇਹਨਾਂ ਨੂੰ ਰੱਦ ਕਰ ਦਿੱਤਾ।

ਨਰਿੰਦਰ ਤੋਮਰ ਨੇ ਕਿਹਾ ਕਿ ਕੋਈ ਵੀ ਅੰਦੋਲਨ ਲੰਬੇ ਸਮੇਂ ਤੱਕ ਇਸ ਕਾਰਨ ਚੱਲਦਾ ਹੈ ਜਦੋਂ ਸਰਕਾਰ ਕਿਸਾਨਾਂ ਦੀ ਮੰਗ ’ਤੇ ਚਰਚਾ ਕਰਨ ਲਈ ਤਿਆਰ ਨਾ ਹੋਵੇ। ਕਿਸਾਨਾਂ ਵੱਲੋਂ ਸਰਕਾਰ ਦੀ ਪੇਸ਼ਕਸ਼ ਰੱਦ ਕਰਨ ਤੋਂ ਬਾਅਦ ਵੀ ਕੇਂਦਰ ਨੇ ਉਹਨਾਂ ਨੂੰ ਅਪਣੇ ਸੁਝਾਅ ਦੇਣ ਲਈ ਕਿਹਾ ਸੀ। ਉਹਨਾਂ ਕਿਹਾ ਜਦੋਂ ਚਰਚਾ ਚੱਲ ਰਹੀ ਹੁੰਦੀ ਹੈ ਤਾਂ ਅੰਦੋਲਨ ਨਹੀਂ ਹੁੰਦਾ।