ਚੁਣਾਵੀ ਝੜਪ: ਕੂਚ ਬਿਹਾਰ ਵਿਚ ਚਾਰ ਲੋਕਾਂ ਦੀ ਮੌਤ ਤੋਂ ਬਾਅਦ ਚੋਣ ਕਮਿਸ਼ਨ ਨੇ ਰੁਕਵਾਈ ਵੋਟਿੰਗ
ਕੂਚ ਬਿਹਾਰ ਵਿਚ ਕੱਲ੍ਹ ਰੋਸ ਰੈਲੀ ਕਰੇਗੀ ਮਮਤਾ ਬੈਨਰਜੀ
ਨਵੀਂ ਦਿੱਲੀ: ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਅੱਜ ਚੌਥੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦੌਰਾਨ ਭਾਜਪਾ ਅਤੇ ਟੀਐਮਸੀ ਵਰਕਰਾਂ ਵਿਚਾਲੇ ਜ਼ੋਰਦਾਰ ਝੜਪ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਕੂਚ ਬਿਹਾਰ ਦੀ ਸੀਤਲਕੁਚੀ ਵਿਧਾਨ ਸਭਾ ਸੀਟ ਦੇ ਇਕ ਵੋਟਿੰਗ ਕੇਂਦਰ ’ਤੇ ਸਵੇਰੇ ਕਰੀਬ 11 ਵਜੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪ ਹੋਈ।
ਝੜਪ ਦੌਰਾਨ ਹੋਈ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਸਬੰਧੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਆਰਪੀਐਫ ਨੂੰ ਜ਼ਿੰਮੇਵਾਰ ਦੱਸਿਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਸੀਆਰਪੀਐਫ ਮੇਰੀ ਦੁਸ਼ਮਣ ਨਹੀਂ ਹੈ ਪਰ ਗ੍ਰਹਿ ਮੰਤਰੀ ਦੇ ਆਦੇਸ਼ ’ਤੇ ਇਕ ਸਾਜ਼ਿਸ਼ ਚੱਲ ਰਹੀ ਹੈ। ਅੱਜ ਦੀ ਘਟਨਾ ਇਕ ਸਬੂਤ ਹੈ। ਘਟਨਾ ਤੋਂ ਬਾਅਦ ਕੱਲ ਨੂੰ ਮਮਤਾ ਬੈਨਰਜੀ ਵੱਲੋਂ ਕੂਚ-ਬਿਹਾਰ ਵਿਖੇ ਇਕ ਰੋਸ ਰੈਲੀ ਕੀਤੀ ਜਾਵੇਗੀ।
ਟੀਐਮਸੀ ਸੰਸਦ ਮੈਂਬਰ ਸੌਗਤ ਰਾਏ ਨੇ ਦੱਸਿਆ ਕਿ ਮਮਤਾ ਬੈਨਰਜੀ ਅੱਜ ਮਾਰੇ ਗਏ ਸਾਰੇ ਲੋਕਾਂ ਦੇ ਘਰ ਜਾਵੇਗੀ। ਇਸ ਘਟਨਾ ਸਬੰਧੀ ਸੀਆਰਪੀਐਫ ਨੇ ਸਫਾਈ ਦਿੰਦਿਆਂ ਕਿਹਾ ਕਿ ਕੂਚ ਬਿਹਾਰ ਦੇ ਸੀਤਲਕੁਚੀ ਵਿਚ ਬੂਥ ਨੰਬਰ 126 ਦੇ ਬਾਹਰ ਨਾ ਤਾਂ ਸੀਆਰਪੀਐਫ ਦੀ ਤੈਨਾਤੀ ਸੀ ਅਤੇ ਨਾ ਹੀ ਉਹ ਇਸ ਘਟਨਾ ਵਿਚ ਸ਼ਾਮਲ ਹੈ।
ਚੋਣ ਕਮਿਸ਼ਨ ਨੇ ਦੱਸਿਆ ਕਿ ਇਸ ਝੜਪ ਤੋਂ ਬਾਅਦ ਇਕ ਅੰਤਰਿਮ ਰਿਪੋਰਟ ਦੇ ਅਧਾਰ ’ਤੇ ਬਿਹਾਰ ਦੇ ਸੀਤਲਕੁਚੀ ਵਿਧਾਨ ਸਭਾ ਖੇਤਰ ਦੇ ਵੋਟਿੰਗ ਕੇਂਦਰ 126 ਵਿਚ ਵੋਟਿੰਗ ਪ੍ਰਕਿਰਿਆ ਰੋਕਣ ਦੇ ਆਦੇਸ਼ ਦਿੱਤੇ ਗਏ। ਇਸ ਸਬੰਧੀ ਅੱਜ ਸ਼ਾਮ 5 ਵਜੇ ਤੱਕ ਵਿਸਥਾਰਤ ਰਿਪੋਰਟ ਮੰਗੀ ਗਈ ਹੈ।