ਕਾਂਗਰਸ ਨੂੰ 84 ਦਾ ਹਿਸਾਬ ਦੇਣਾ ਪਵੇਗਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਦੇ ਗੁਰੂ ਦੇ ਸ਼ਬਦ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦੇ ਹਨ

Congress should apologise for 1094 : PM Modi

ਰੋਹਤਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਨੀਕੀ ਮਾਹਰ ਤੋਂ ਰਾਜਨੀਤਕ ਬਣੇ ਸੈਮ ਪਿਤ੍ਰੋਦਾ ਦੀ ਸਿੱਖ ਕਤਲੇਆਮ ਬਾਰੇ ਕੀਤੀ ਗਈ ਟਿਪਣੀ ਸਬੰਧੀ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ ਉਹ ਇਸ ਪਾਰਟੀ ਦੇ ਕਿਰਦਾਰ ਅਤੇ ਮਾਨਸਿਕਤਾ ਨੂੰ ਵਿਖਾਉਂਦੀ ਹੈ। ਖ਼ਬਰਾਂ ਮੁਤਾਬਕ ਪਿਤ੍ਰੋਦਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਹੁਣ ਕੀ ਹੈ 84 ਦਾ? ਤੁਸੀਂ (ਨਰਿੰਦਰ ਮੋਦੀ) ਪੰਜ ਸਾਲ ਵਿਚ ਕੀ ਕੀਤਾ, ਉਸ ਦੀ ਗੱਲ ਕਰੋ। 84 ਵਿਚ ਜੋ ਹੋਇਆ, ਉਹ ਹੋਇਆ।

ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦੇ ਪ੍ਰਚਾਰ ਦੇ ਆਖ਼ਰੀ ਦਿਨ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਹਮਲਾਵਰ ਨੀਤੀ ਨੂੰ ਵਿਖਾਉਂਦਾ ਹੈ।  ਮੋਦੀ ਨੇ ਕਿਹਾ, 'ਕਾਂਗਰਸ ਜਿਸ ਨੇ ਕਾਫ਼ੀ ਸਮੇਂ ਤਕ ਸ਼ਾਸਨ ਕੀਤਾ, ਉਹ ਅਸੰਵੇਦਨਸ਼ੀਲ ਹੈ ਅਤੇ ਇਹ ਕਲ ਬੋਲੇ ਗਏ ਤਿੰਨ ਸ਼ਬਦਾਂ ਤੋਂ ਪਤਾ ਚਲਦਾ ਹੈ। ਇਹ ਸ਼ਬਦ ਉਂਜ ਤਾਂ ਐਵੇਂ ਹੀ ਬੋਲੇ ਗਏ ਪਰ ਇਹ ਸ਼ਬਦ ਕਾਂਗਰਸ ਦੀ ਮਾਨਸਿਕਤਾ ਅਤੇ ਇਰਾਦੇ ਨੂੰ ਦਰਸਾਉਂਦੇ ਹਨ। ਉਨ੍ਹਾਂ ਪਿਤ੍ਰੋਦਾ ਦੇ ਸ਼ਬਦ ਦੁਹਰਾਉਂਦਿਆਂ ਕਿਹਾ, 'ਅਤੇ ਇਹ ਸ਼ਬਦ ਕਿਹੜੇ ਹਨ-ਇਹ ਹਨ-ਹੋਇਆ ਜੋ ਹੋਇਆ।'  ਉਨ੍ਹਾਂ ਕਿਹਾ ਕਿ ਕਾਂਗਰਸ ਅੱਜਕਲ ਨਿਆਂ ਦਾ ਰੌਲਾ ਪਾ ਰਹੀ ਹੈ ਪਰ ਉਸ ਨੂੰ ਦਸਣਾ ਪਵੇਗਾ ਕਿ 1984 ਦਾ ਹਿਸਾਬ ਕੌਣ ਦੇਵੇਗਾ? 

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੋ ਰਹੀ ਹੋਵੇਗੀ ਕਿ ਪ੍ਰਧਾਨ ਮੰਤਰੀ ਕੀ ਕਹਿ ਰਹੇ ਹਨ। ਮੋਦੀ ਨੇ ਕਿਹਾ, 'ਅਸੀਂ ਤਿੰਨ ਸ਼ਬਦਾਂ ਨਾਲ ਉਨ੍ਹਾਂ ਦੀ ਹਮਲਾਵਰ ਨੀਤੀ ਨੂੰ ਬਹੁਤ ਆਸਾਨੀ ਨਾਲ ਸਮਝ ਸਕਦੇ ਹਾਂ ਜੋ ਕਾਂਗਰਸ ਚਲਾ ਰਹੇ ਹਨ-ਹੋਇਆ ਜੋ ਹੋਇਆ।' ਮੋਦੀ ਨੇ ਕਿਹਾ, 'ਕਲ ਕਾਂਗਰਸ ਦੇ ਵੱਡੇ ਨੇਤਾ ਨੇ ਉੱਚੀ ਆਵਾਜ਼ ਵਿਚ 1984 ਬਾਰੇ ਕਿਹਾ ਕਿ 84 ਦੇ ਦੰਗੇ ਹੋਏ ਤਾਂ ਹੋਏ। ਕੀ ਤੁਸੀਂ ਜਾਣਦੇ ਹੋ ਕਿ ਉਹ ਕੌਣ ਹੈ। ਉਹ ਗਾਂਧੀ ਪਰਵਾਰ ਦਾ ਬਹੁਤ ਕਰੀਬੀ ਹੈ। ਇਹ ਨੇਤਾ ਰਾਜੀਵ ਗਾਂਧੀ ਦਾ ਕਰੀਬੀ ਮਿੱਤਰ ਸੀ ਅਤੇ ਕਾਂਗਰਸ 'ਨਾਮਦਾਰ' ਪ੍ਰਧਾਨ ਦਾ ਗੁਰੂ ਹੈ।'

ਖ਼ਬਰਾਂ ਮੁਤਾਬਕ ਪਿਤ੍ਰੋਦਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਹੁਣ ਕੀ ਹੈ 84 ਦਾ? ਤੁਸੀਂ (ਨਰਿੰਦਰ ਮੋਦੀ) ਪੰਜ ਸਾਲ ਵਿਚ ਕੀ ਕੀਤਾ, ਉਸ ਦੀ ਗੱਲ ਕਰੋ। 84 ਵਿਚ ਜੋ ਹੋਇਆ, ਉਹ ਹੋਇਆ। ਪ੍ਰਧਾਨ ਮੰਤਰੀ ਨੇ ਹਿਮਾਚਲ ਦੇ ਮੰਡੀ ਵਿਚ ਵੀ ਰੈਲੀ ਦੌਰਾਨ ਸਿੱਖ ਕਤਲੇਆਮ ਬਾਰੇ ਪਿਤ੍ਰੋਦਾ ਦੇ ਬਿਆਨ ਸਬੰਧੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਅਤੇ ਬਾਲਾਕੋਟ ਹਮਲੇ ਦਾ ਜ਼ਿਕਰ ਕੀਤਾ।