ਜੇ ਉਹ ਗੋਲੀ ਚਲਾਉਣਗੇ ਤਾਂ ਚੌਕੀਦਾਰ ਗੋਲਾ ਚਲਾਏਗਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਸਿੱਖ ਕਤਲੇਆਮ 'ਤੇ ਕਾਂਗਰਸੀ ਆਗੂ ਕਹਿ ਰਿਹਾ ਹੈ ਕਿ 'ਹੋਇਆ ਤਾਂ ਹੋਇਆ' 

Prime Minister addressing election rally in Rohtak

ਰੋਹਤਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੇ ਰੋਹਤਕ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 5 ਸਾਲ 'ਚ ਮੈਂ ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਜੇਲ ਦੇ ਦਰਵਾਜੇ ਤਕ ਪਹੁੰਚਾਇਆ ਹੈ ਅਤੇ ਜੇ ਮੈਨੂੰ ਫਿਰ 5 ਸਾਲ ਮਿਲੇ ਤਾਂ ਇਹ ਲੁਟੇਰੇ ਜੇਲ ਦੇ ਅੰਦਰ ਹੋਣਗੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਾਂਗਰਸ ਦੇ ਖ਼ੂਨ 'ਚ ਹੈ।

ਰਾਬਰਟ ਵਾਡਰਾ ਦਾ ਨਾਂ ਲਏ ਬਗੈਰ ਕਾਂਗਰਸ 'ਤੇ ਹਮਲਾ ਬੋਲਦਿਆਂ ਮੋਦੀ ਨੇ ਕਿਹਾ ਕਿ ਕੌਡੀਆਂ ਦੇ ਭਾਅ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਭ੍ਰਿਸ਼ਟਾਚਾਰ ਦੀ ਖੇਤੀ ਹੋਈ। ਅੱਜ ਪੂਰੀ ਦੁਨੀਆਂ 'ਚ ਸੱਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਭਾਰਤ ਹੈ। 2014 'ਚ ਭਾਰਤ ਆਰਥਕ ਤੌਰ 'ਤੇ ਦੁਨੀਆਂ 'ਚ 11ਵੇਂ ਨੰਬਰ 'ਤੇ ਸੀ। ਅੱਜ 6ਵੇਂ ਨੰਬਰ 'ਤੇ ਹੈ ਅਤੇ 5ਵੇਂ ਨੰਬਰ 'ਤੇ ਆਉਣ ਲਈ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੀ ਸਭ ਤੋਂ ਤੇਜ਼ ਟਰੇਨ ਵੰਦੇ ਭਾਰਤ ਹੋਵੇ ਜਾਂ ਤੁਹਾਡੇ ਹੱਥ 'ਚ ਮੋਬਾਈਲ ਫ਼ੋਨ, ਅੱਜ ਇਹ ਸਭ ਭਾਰਤ 'ਚ ਹੀ ਬਣ ਰਿਹਾ ਹੈ। ਹੁਣ ਭਾਰਤ ਨੇ ਪਾਣੀ, ਧਰਤੀ ਅਤੇ ਹਵਾ ਦੇ ਨਾਲ-ਨਾਲ ਪੁਲਾੜ 'ਚ ਵੀ ਸਰਜਿਕਲ ਸਟ੍ਰਾਈਕ ਕਰਨ ਦੀ ਸਮਰੱਥਾ ਪ੍ਰਾਪਤ ਕਰ ਲਈ ਹੈ।

ਮੋਦੀ ਨੇ ਕਿਹਾ ਕਿ ਕਾਂਗਰਸ ਸਮੇਂ ਅਤਿਵਾਦੀ ਹਮਲਾ ਕਰਦੇ ਰਹੇ ਅਤੇ ਯੂਪੀਏ ਸਰਕਾਰ ਰੌਂਦੀ ਰਹੀ। ਅੱਜ ਅਸੀ ਖੁੱਲੀ ਛੋਟ ਦੇ ਦਿੱਤੀ ਹੈ। ਹਮਲਾ ਹੋਇਆ ਤਾਂ ਕਰਾਰਾ ਜਵਾਬ ਦਿਆਂਗੇ। ਇਹ ਚੌਕੀਦਾਰ ਗੋਲੀ ਦਾ ਜਵਾਬ ਗੋਲੇ ਨਾਲ ਦੇਵੇਗਾ। ਤੁਸੀ ਅਤਿਵਾਦੀਆਂ ਦਾ ਸਮਰਥਨ ਕਰੋਗੇ ਤਾਂ ਅਸੀ ਘਰ ਅੰਦਰ ਵੜ ਕੇ ਗੋਲੀ ਮਾਰਾਂਗੇ।

ਸਿੱਖ ਕਤਲੇਆਮ 'ਤੇ ਕਾਂਗਰਸੀ ਆਗੂ ਸੈਮ ਪਿਤਰੋਦਾ ਵੱਲੋਂ ਦਿੱਤੇ ਵਿਵਾਦਤ ਬਿਆਨ 'ਤੇ ਮੋਦੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਖੋਪੜੀ 'ਚ ਹੰਕਾਰ ਭਰਿਆ ਹੋਇਆ ਹੈ। ਅਜਿਹੇ ਲੋਕਾਂ ਲਈ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ। ਸੈਂਕੜੇ ਸਿੱਖਾਂ ਨੂੰ ਪਟਰੌਲ-ਡੀਜ਼ਲ ਪਾ ਕੇ ਸਾੜ ਦਿੱਤਾ ਗਿਆ ਅਤੇ ਕਾਂਗਰਸ ਕਹਿ ਰਹੀ ਹੈ ਕਿ 'ਹੋਇਆ ਤਾਂ ਹੋਇਆ।'