ਪੰਜਾਬ ਵੱਲ ਰੁਖ ਕਰਦਿਆਂ ਮੋਦੀ ਦੇ ਭਾਸ਼ਣਾਂ ਵਿਚ ਕਿਉਂ ਆਇਆ ਰਾਜੀਵ ਗਾਂਧੀ ਦਾ ਨਾਂਅ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੁਣਾਵੀ ਭਾਸ਼ਣਾ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਅਚਾਨਕ ਜ਼ਿਕਰ ਹੋਣ ਲੱਗਿਆ ਹੈ।

Narendra Modi

ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਜਾਣ ਵਾਲੇ ਚੁਣਾਵੀ ਭਾਸ਼ਣਾ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਅਚਾਨਕ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਹੈ। ਇਹ ਜ਼ਿਕਰ ਲੋਕ ਸਭਾ ਚੋਣਾਂ ਦੋਰਾਨ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਇਹ ਭਾਜਪਾ ਦੀ ਰਣਨੀਤੀ ‘ਤੇ ਅਧਾਰਿਤ ਹੈ ਕਿਉਂਕਿ ਨਾ ਤਾ ਸਰਹੱਦੀ ਸੂਬਿਆਂ ਦੇ ਵੋਟਰ ਪਾਕਿਸਤਾਨ ਵਿਰੁੱਧ ਤਿੱਖੀ ਬਿਆਨਬਾਜ਼ੀ ਨਾਲ ਪ੍ਰਭਾਵਿਤ ਹੋ ਰਹੇ ਹਨ ਤੇ ਨਾ ਹੀ ਬਾਲਾਕੋਟ ਏਅਰ ਸਟ੍ਰਾਈਕ ਨਾਲ ਸਰਹੱਦੀ ਵੋਟਰਾਂ ‘ਤੇ ਕੁਝ ਜ਼ਿਆਦਾ ਅਸਰ ਹੋ ਸਕਿਆ ਹੈ।

ਚੱਲ ਰਹੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਨੇ ਅਪਣੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਅਪਣੀ ਪਹਿਲੀ ਵੋਟ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਦੀ ਸ਼ਹਾਦਤ ਬਦਲੇ ਹੋਈ ਬਾਲਾਕੋਟ ਏਅਰ ਸਟ੍ਰਾਈਕ ਨੂੰ ਸਮਪਰਿਤ ਕਰਨੀ ਚਾਹੀਦੀ ਹੈ। ਪਰ ਹੁਣ 19 ਮਈ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੀਐਮ ਮੋਦੀ ਵੋਟਰਾਂ ਦਾ ਧਿਆਨ 1984 ਸਿੱਖ ਕਤਲੇਆਮ ਅਤੇ ਰਾਜੀਵ ਗਾਂਧੀ ਵੱਲ ਦਿਵਾਉਣਾ ਚਾਹੁੰਦੇ ਹਨ।

ਪੰਜਾਬ ਵਿਚ 209 ਕਰੋੜ ਵੋਟਰਾਂ ਲਈ ਪੀਐਮ ਮੋਦੀ ਦੀ ਲੜਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੈ ਜੋ ਕਿ ਸਾਬਕਾ ਫੌਜੀ ਹਨ ਅਤੇ ਫੌਜੀ ਇਤਿਹਾਸਕਾਰ ਹਨ, ਜਿਨ੍ਹਾਂ ਨੇ ਭਾਜਪਾ ਦੇ ਰਾਸ਼ਟਰਵਾਦ ਦੇ ਦਾਅਵਿਆਂ ਨੂੰ ਨਹੀਂ ਸਵੀਕਾਰਿਆ। ਮੋਦੀ ਵੱਲੋਂ ਬਾਲਾਕੋਟ ਹਵਾਈ ਹਮਲੇ ਦਾ ਸਿਹਰਾ ਅਪਣੇ ਸਿਰ ਲੈਣ ਲਈ ਕੈਪਟਨ ਨੇ ਹਮਲਾ ਕਰਦਿਆਂ ਕਿਹਾ ਸੀ ਕਿ ਪੀਐਮ ਨੇ ਕੁਝ ਨਹੀਂ ਕੀਤਾ। ਹਾਲ ਹੀ ਵਿਚ ਖਟਕੜ ਕਲਾਂ ਵਿਖੇ ਅਪਣੀ ਇਕ ਚੋਣ ਰੈਲੀ ਦੌਰਾਨ ਕੈਪਟਨ ਨੇ ਕਿਹਾ ਸੀ ਕਿ 1971 ਵਿਚ ਜਿੱਤ ਲਈ ਇੰਦਰਾ ਗਾਂਧੀ ਨੇ ਫੌਜ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਉਹਨਾਂ ਕਿਹਾ ਕਿ ਮੋਦੀ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।

ਕੈਪਟਨ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਸਰਜਿਕਲ ਸਟ੍ਰਾਈਕ ਕਈ ਵਾਰ ਹੋਈ ਹੈ, ਬਾਲਾਕੋਟ ਏਅਰ ਸਟ੍ਰਾਈਕ ਵਿਚ ਕੁਝ ਨਵਾਂ ਨਹੀ ਹੈ। ਉਹਨਾਂ ਕਿਹਾ ਕਿ ਭਾਰਤੀ ਫੌਜ ‘ਤੇ ਕਿਸੇ ਦਾ ਨਿੱਜੀ ਅਧਿਕਾਰ ਨਹੀਂ ਹੈ। ਪੰਜਾਬ ਵਿਚ ਮੋਦੀ ਦਾ ਜਾਦੂ ਬਹੁਤ ਕਮਜ਼ੋਰ ਚੱਲ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਮੋਦੀ ਲਹਿਰ ਜ਼ਿਆਦਾ ਕੰਮ ਨਹੀਂ ਸੀ ਕਰ ਸਕੀ। ਇਸ ਦੌਰਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਚਾਰ ਸੀਟਾਂ ‘ਤੇ ਜਿੱਤ ਮਿਲੀ ਸੀ, ਅਜਿਹਾ ਸਿਰਫ ਪੰਜਾਬ ਵਿਚ ਹੀ ਹੋਇਆ। ਅਕਾਲੀ-ਭਾਜਪਾ ਗਠਜੋੜ ਨੂੰ 13 ਸੀਟਾਂ ਵਿਚੋਂ 5 ਸੀਟਾਂ ‘ਤੇ ਜਿੱਤ ਮਿਲੀ ਸੀ ਅਤੇ ਕਾਂਗਰਸ ਨੇ ਵੀ ਚਾਰ ਸੀਟਾਂ ਜਿੱਤੀਆਂ ਸਨ।

ਕਾਂਗਰਸ ਅਤੇ ਅਕਾਲੀ ਦਲ ਦੇ ਵੋਟਰਾਂ ਦਾ ਵੱਡਾ ਹਿੱਸਾ ‘ਆਪ’ ਲਹਿਰ ਨੇ ਪ੍ਰਭਾਵਿਤ ਕੀਤਾ ਸੀ। ਲੋਕ ਸਭਾ ਚੋਣਾਂ 2009 ਤੋਂ ਲੈ ਕੇ ਲੋਕ ਸਭਾ 2014 ਤੱਕ ਸੂਬੇ ਵਿਚ ਭਾਜਪਾ ਨੂੰ ਮਿਲੀਆ ਵੋਟਾਂ ਦਾ ਹਿੱਸਾ 10.1 ਫੀਸਦੀ ਤੋਂ ਘਟ ਕੇ 8.7 ਫੀਸਦੀ ਰਹਿ ਗਿਆ। ਇਸੇ ਤਰ੍ਹਾਂ ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕੁੱਲ 23 ਉਮੀਦਵਾਰਾਂ ਵਿਚੋਂ ਵੀ ਭਾਜਪਾ ਦੇ ਸਿਰਫ ਤਿੰਨ ਉਮੀਦਵਾਰ ਹੀ ਜਿੱਤੇ ਸਨ। ਇਹ ਨਤੀਜੇ ਮੋਦੀ ਵੱਲੋਂ ਸਤੰਬਰ 2016 ਵਿਚ ਕੀਤੀ ਗਈ ਪਹਿਲੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਦੇ ਸਨ ਜਦੋਂ ਮੋਦੀ ਇਸ ਨੂੰ ਵੱਡੀ ਜਿੱਤ ਕਹਿ ਕੇ ਨਜ਼ਾਰੇ ਲੈ ਰਹੇ ਸਨ।

ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਸੂਬੇ ਦੇ ਲੋਕਾਂ ਵੱਲੋਂ ਕਿਸੇ ਵੀ ਹਮਲੇ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਉਹ ਪੰਜਾਬ ਹੀ ਸੀ ਜਿਸ ਨੂੰ ਪਾਕਿਸਤਾਨ ਨਾਲ ਹੋਈ ਪਹਿਲੀ ਲੜਾਈ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪਿਆ ਸੀ। ਉਸ ਲੜਾਈ ਨਾਲ ਲੋਕਾਂ ਦੀ ਆਮ ਜ਼ਿੰਦਗੀ ਅਤੇ ਵਪਾਰ ਕਾਫੀ ਪ੍ਰਭਾਵਿਤ ਹੋਇਆ ਸੀ ਅਤੇ ਪੰਜਾਬੀ ਉਸ ਨੂੰ ਭੁੱਲੇ ਨਹੀਂ ਹਨ।

ਪੰਜਾਬ ਕਿਸੇ ਵੀ ਹਾਲਤ ਵਿਚ ਲੜਾਈ ਨਹੀਂ ਚਾਹੁੰਦਾ। ਉੜੀ ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਕਾਰਨ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਅਬੋਹਰ ਅਤੇ ਫਾਜ਼ਿਲਕਾ ਦੇ ਹਜ਼ਾਰਾਂ ਲੋਕਾਂ ਨੂੰ ਅਪਣੇ ਘਰ ਛੱਡਣੇ ਪਏ ਸੀ। ਇਸ ਦੌਰਾਨ ਕਈ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਨੂੰ ਵੀ ਬੰਦ ਕੀਤਾ ਗਿਆ ਸੀ। ਕੁਝ ਸਾਲ ਪਹਿਲਾਂ ਇਕ ਸਰਵੇਖਣ ਦੌਰਾਨ ਭਾਰਤੀਆਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਪਾਕਿਸਤਾਨ ਨਾਲ ਬਿਹਤਰ ਸਬੰਧ ਚਾਹੁੰਦੇ ਹਨ ਜਾਂ ਨਹੀਂ ਤਾਂ ਜ਼ਿਆਦਾਤਰ ਲੋਕਾਂ ਦਾ ਜਵਾਬ ਹਾਂ ਸੀ, ਜਿਨ੍ਹਾਂ ਵਿਚ ਹਾਂ-ਪੱਖੀ ਜਵਾਬ ਦੇਣ ਵਾਲੇ ਜ਼ਿਆਦਾਤਰ ਲੋਕ ਪੰਜਾਬ ਦੇ ਸਨ।

ਕਈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਪੰਜਾਬੀ ਪਾਕਿਸਤਾਨੀਆਂ ਨੂੰ ਦੁਸ਼ਮਣ ਵਜੋਂ ਨਹੀਂ ਦੇਖਣਾ ਚਾਹੁੰਦੇ। Promotion of Peace ਦੇ ਚੇਅਰਮੈਨ ਚੰਚਲ ਮਨੋਹਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਅਤੇ ਪਾਕਿਸਤਾਨ ਦਾ ਸੱਭਿਆਚਾਰ ਇਕ ਹੈ, ਜੋ ਲੋਕ ਵੰਡ ਸਮੇਂ ਪਾਕਿਸਤਾਨ ਤੋਂ ਆਏ ਸਨ ਉਹਨਾਂ ਨੇ ਜੋ ਪਿੱਛੇ ਛੱਡਿਆ ਉਹ ਉਸ ਨੂੰ ਲੈ ਕੇ ਹੁਣ ਤੱਕ ਭਾਵੁਕ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਦੀ ਅਲੋਚਨਾ ਕਰਕੇ ਪੰਜਾਬੀਆਂ ਤੋਂ ਵੋਟਾਂ ਨਹੀਂ ਲਈਆਂ ਜਾ ਸਕਦੀਆਂ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੋਦੀ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲ ਕਰਨ ਤਾਂ ਉਸ ਨਾਲ ਉਹ ਪੰਜਾਬੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਚੰਡੀਗੜ੍ਹ ਤੋਂ ਸਿਆਸੀ ਵਿਸ਼ਲੇਸ਼ਕ ਡਾਕਟਰ ਕੰਵਲਪ੍ਰੀਤ ਕੌਰ ਦਾ ਕਹਿਣਾ ਹੈ ਕਿ ਭਾਜਪਾ ਨੂੰ ਪਤਾ ਹੈ ਕਿ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਪੰਜਾਬ ਵਿਚ ਕੰਮ ਨਹੀਂ ਕਰੇਗਾ ਇਸੇ ਕਰਕੇ ਮੋਦੀ ਨੇ ਸਾਰਾ ਧਿਆਨ ਰਾਜੀਵ ਗਾਂਧੀ ‘ਤੇ ਕੇਂਦਰ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਮੋਦੀ ਜਾਣਦੇ ਹਨ ਕਿ ਪੰਜਾਬੀਆਂ ਲਈ ਸਿੱਖ ਕਤਲੇਆਮ ਦਾ ਮੁੱਦਾ ਸਭ ਤੋਂ ਜ਼ਿਆਦਾ ਭਾਵਨਾਤਮਕ ਹੈ। ਕੈਬਨਿਤ ਮੰਤਰੀ ਅਤੇ ਕਾਂਗਰਸ ਦੇ ਉਘੇ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਪੰਜਾਬੀ ਹੰਕਾਰੇ ਹੋਏ ਅਤੇ ਤਾਨਾਸ਼ਾਹੀ ਆਗੂਆਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਕਿਹਾ ਕਿ ਮੋਦੀ ਦੇ ਭਾਸ਼ਣਾਂ ਵਿਚ ਜਿੰਨਾ ਹੰਕਾਰ ਦਿਖ ਰਿਹਾ ਹੈ ਉਸੇ ਕਾਰਨ ਪੰਜਾਬੀਆਂ ਦੀ ਉਹਨਾਂ ਵਿਚ ਰੁਚੀ ਘਟਦੀ ਜਾ ਰਹੀ ਹੈ।

ਕਰਤਾਰਪੁਰ ਲਾਂਘੇ ਨੂੰ ਖੋਲਣ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਫੈਸਲੇ ਨਾਲ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਹੈ। ਯੂਨਾਈਟਡ ਸਿੱਖ ਮਿਸ਼ਨ ਵੱਲੋਂ ਕਰਤਾਰਪੁਰ ਸਾਹਿਬ ਮਾਰਗ ਪ੍ਰਾਜੈਕਟ ਦੇ ਭਾਰਤ ਵਿਚ ਇੰਚਾਰਜ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਕਰਤਾਰਪੁਰ ਲਾਂਘੇ ਨੂੰ ਖੋਲਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਉਹਨਾਂ ਦੀ ਪ੍ਰਾਰਥਨਾ ਕੰਮ ਕਰ ਗਈ ਹੈ। ਇਸ ਕੰਮ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ‘ਤੇ ਜਾਂਦਾ ਹੈ ਕਿਉਂਕਿ ਇਹ ਖੁਸ਼ਖਬਰੀ ਉਹਨਾਂ ਨੇ ਦਿੱਤੀ ਸੀ। ਪੰਜਾਬ ਦੇ ਸਿੱਖਾਂ ਲਈ ਸਿੱਧੂ ਦੀ ਉਹ ਪਾਕਿਸਤਾਨੀ ਯਾਤਰਾ ਇਕ ਇਤਿਹਾਸਿਕ ਯਾਤਰਾ ਹੈ।

ਭੁਪਿੰਦਰ ਸਿੰਘ ਨੇ ਇਸ ਪ੍ਰੋਜੈਕਟ ਲਈ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਵੀ ਕੀਤੀ। ਉਹਨਾਂ ਕਿਹਾ ਭਾਰਤੀ ਸਰਕਾਰ ਇਸ ਪ੍ਰੋਜੈਕਟ ‘ਤੇ ਕਾਫੀ ਸਮੇਂ ਤੋਂ ਚੁੱਪ ਬੈਠੀ ਸੀ ਪਰ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਸਬੰਧੀ ਗੁਪਤ ਖਬਰਾਂ ਮਿਲਣ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਇਸ ਦਾ ਐਲਾਨ ਕਰ ਦਿੱਤਾ  ਤਾਂ ਜੋ ਭਾਰਤੀਆਂ ਨੂੰ ਲੱਗੇ ਕਿ ਇਸਦੀ ਸ਼ੁਰੂਆਤ ਭਾਜਪਾ ਸਰਕਾਰ ਨੇ ਕੀਤੀ ਪਰ ਸੱਚ ਕਦੇ ਵੀ ਕਿਸੇ ਤੋਂ ਨਹੀਂ ਲੁਕਿਆ। ਇਸ ਕਰਕੇ ਵੀ ਮੋਦੀ ਦੀ ਲੋਕਪ੍ਰਿਅਤਾ ਪੰਜਾਬ ਵਿਚ ਬਾਕੀ ਸੂਬਿਆਂ ਨਾਲੋਂ ਘਟ ਰਹੀ ਹੈ।