ਜੇ ਪਰਚੇ ਵੰਡਣ ਦੇ ਦੋਸ਼ ਸੱਚੇ ਸਾਬਤ ਹੋਏ ਤਾਂ ਚੌਰਾਹੇ 'ਚ ਫਾਹਾ ਲੈ ਲਿਆਂਗਾ : ਗੌਤਮ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੌਤਮ ਗੰਭੀਰ ਨੇ ਕੇਜਰੀਵਾਲ ਸਮੇਤ ਆਤਿਸ਼ੀ ਅਤੇ ਮਨੀਸ਼ ਸਿਸੋਦੀਆ ਵਿਰੁੱਧ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ

Will hang myself in public if Arvind Kejriwal proves charges : Gautam Gambhir

ਨਵੀਂ ਦਿੱਲੀ : ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਬਾਅਦ ਆਮ ਆਦਮੀ ਪਾਰਟੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਵਿਰੁੱਧ ਲਗਾਏ ਗਏ ਦੋਸ਼ ਸਾਬਤ ਹੋਏ ਤਾਂ ਉਹ ਲੋਕਾਂ ਵਿਚਕਾਰ ਚੌਰਾਹੇ 'ਤੇ ਫਾਹਾ ਲੈ ਲੈਣਗੇ।

ਸ਼ੁਕਰਵਾਰ ਨੂੰ ਟਵੀਟ ਕਰਦਿਆਂ ਗੌਤਮ ਗੰਭੀਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੁਲ੍ਹੀ ਚੁਣੌਤੀ ਦਿੱਤੀ। ਗੌਤਮ ਨੇ ਕਿਹਾ ਕਿ ਕੇਜਰੀਵਾਲ ਦੋਸ਼ ਨੂੰ ਸਾਬਤ ਕਰਨ, ਨਹੀਂ ਤਾਂ ਸਿਆਸਤ ਛੱਡ ਦੇਣ। ਗੰਭੀਰ ਨੇ ਕਿਹਾ ਕਿ ਪਰਚੇ ਲੈ ਕੇ ਮੇਰੇ ਵਿਰੁੱਧ ਕੁਝ ਵੀ ਸਾਬਤ ਹੋਇਆ ਤਾਂ ਮੈਂ ਲੋਕਾਂ ਦੇ ਸਾਹਮਣੇ ਫਾਹੇ 'ਤੇ ਲਟਕ ਜਾਵਾਂਗਾ। ਜੇ ਦੋਸ਼ ਸਾਬਤ ਨਾ ਹੋਏ ਤਾਂ ਕੇਜਰੀਵਾਲ ਸਿਆਸਤ ਛੱਡਣ ਦਾ ਵਾਅਦਾ ਕਰਨ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਆਪ ਆਦਮੀ ਪਾਰਟੀ ਉਮੀਦਵਾਰ ਆਤਿਸ਼ੀ ਮਾਲੇਰਨਾ ਦੇ ਕੁਝ ਇਤਰਾਜ਼ਯੋਗ ਪਰਚੇ ਵੰਡੇ ਗਏ ਸਨ। ਜਿਨ੍ਹਾਂ 'ਚ ਉਨ੍ਹਾਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਸ ਮਾਮਲੇ ਵਿਚ ਆਤਿਸ਼ੀ ਨੇ ਭਾਜਪਾ ਉਮੀਦਵਾਰ ਗੌਤਮ ਗੰਭੀਰ 'ਤੇ ਅਜਿਹਾ ਕਰਨ ਦੇ ਇਲਜ਼ਾਮ ਲਗਾਏ ਸਨ। ਉਧਰ ਗੌਤਮ ਗੰਭੀਰ ਨੇ ਇਸ ਮਾਮਲੇ ਵਿਚ ਕੇਜਰੀਵਾਲ ਸਮੇਤ ਆਤਿਸ਼ੀ ਅਤੇ ਮਨੀਸ਼ ਸਿਸੋਦੀਆ ਵਿਰੁੱਧ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ।