ਭਾਜਪਾ ਉਮੀਦਵਾਰ ਗੌਤਮ ਗੰਭੀਰ ਖਿਲਾਫ FIR ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਉਮੀਦਵਾਰ ਗੌਤਮ ਗੰਭੀਰ ਖਿਲਾਫ ਐਫਆਈਆਰ ਦਰਜ ਹੋ ਗਈ ਹੈ।

Gautam Gambhir

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਉਮੀਦਵਾਰ ਗੌਤਮ ਗੰਭੀਰ ਇਕ ਨਵੀਂ ਮੁਸੀਬਤ ਵਿਚ ਫਸ ਗਏ ਹਨ। ਦਿੱਲੀ ਵਿਚ ਬਿਨਾਂ ਇਜਾਜ਼ਤ ਰੈਲੀ ਕਰਨ ਦੇ ਮਾਮਲੇ ਵਿਚ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ। ਭਾਜਪਾ ਉਮੀਦਵਾਰ ਗੌਤਮ ਗੰਭੀਰ ਖਿਲਾਫ ਐਫਆਈਆਰ ਦਰਜ ਹੋ ਗਈ ਹੈ। ਚੋਣ ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਦਿੱਲੀ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਕਿਹਾ ਸੀ ਕਿ ਉਹ ਬਿਨਾਂ ਇਜਾਜ਼ਤ ਰੈਲੀ ਕਰਨ ਦੇ ਮਾਮਲੇ ਵਿਚ ਗੌਤਮ ਗੰਭੀਰ  ‘ਤੇ ਐਫਆਈਆਰ ਦਰਜ ਕਰਨ।

ਦਰਅਸਲ 25 ਅਪ੍ਰੈਲ ਨੂੰ ਦਿੱਲੀ ਦੇ ਜੰਗਪੁਰਾ ਵਿਚ ਗੌਤਮ ਗੰਭੀਰ ਨੇ ਇਕ ਰੈਲੀ ਕੀਤੀ ਸੀ, ਜਿਸ ਦੀ ਇਜਾਜ਼ਤ ਪ੍ਰਸ਼ਾਸਨ ਨੇ ਨਹੀਂ ਦਿੱਤੀ ਸੀ। ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ ‘ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਗੌਤਮ ਗੰਭੀਰ ਨੂੰ ਬਿਨਾਂ ਇਜਾਜ਼ਤ ਰੈਲੀ ਅਯੋਜਿਤ ਕਰਨ ਲਈ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ।

ਚੋਣ ਕਮਿਸ਼ਨ ਨੇ ਕਿਹਾ ਕਿ 25 ਅਪ੍ਰੈਲ ਨੂੰ ਰੈਲੀ ਦੀ ਇਜਾਜ਼ਤ ਨਾ ਲੈ ਕੇ ਗੌਤਮ ਗੰਭੀਰ ਨੇ ਚੋਣ ਜ਼ਾਬਤੇ ਦਾ ਉਲੰਘਣ ਕੀਤਾ ਹੈ। ਇਹੀ ਕਾਰਨ ਹੈ ਕਿ ਚੋਣ ਕਮਿਸ਼ਨ ਦੇ ਆਦੇਸ਼ ‘ਤੇ ਦਿੱਲੀ ਪੁਲਿਸ ਨੇ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਗੌਤਮ ਗੰਭੀਰ ਕਾਫੀ ਸਮੇਂ ਤੋਂ ਭਾਜਪਾ ਸਰਕਾਰ ਦਾ ਸਮਰਥਨ ਕਰ ਰਹੇ ਹਨ। ਪਿਛਲੇ ਮਹੀਨੇ ਹੀ ਉਹਨਾਂ ਨੇ ਕੇਂਦਰੀ ਮੰਤਰੀ ਅਰੁਣ ਜੇਟਲੀ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜਿਆ ਸੀ।

ਦੱਸ ਦਈਏ ਕਿ ਦਿੱਲੀ ‘ਚ ਭਾਜਪਾ ਦੀ ਟਿਕਟ ਤੋਂ ਲੋਕ ਸਭਾ ਚੋਣ ਲੜ ਰਹੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਸਲਾਨਾ ਕਮਾਈ ਦੇ ਮਾਮਲੇ ਵਿਚ ਸਭ ਤੋਂ ਅਮੀਰ ਉਮੀਦਵਾਰ ਹਨ। ਇਸ ਬਾਰੇ ਨਾਮਜ਼ਦਗੀ ਦੌਰਾਨ ਲਗਾਏ ਗਏ ਹਲਫਨਾਮੇ ਤੋਂ ਪਤਾ ਚੱਲਿਆ ਹੈ। ਪਹਿਲੀ ਵਾਰ ਰਾਜਨੀਤੀ ਦੇ ਮੈਦਾਨ ਵਿਚ ਉਤਰੇ ਗੌਤਮ ਗੰਭੀਰ ਦੀ ਸਲਾਨਾ ਕਮਾਈ 12 ਕਰੋੜ ਤੋਂ ਵੀ ਜ਼ਿਆਦਾ ਹੈ।