ਭਾਰਤ ਤੋਂ ਚੌਲਾਂ ਦਾ ਆਯਾਤ ਕਰੇਗਾ ਚੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਿੰਗਦਾਓ ਭਾਰਤ ਅਤੇ ਚੀਨ ਨੇ ਅੱਜ ਦੋ ਮਹੱਤਵਪੂਰਨ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ 'ਚ ਇਕ ਭਾਰਤ ਨਾਲ ਗ਼ੈਰ-ਬਾਸਮਤੀ ਚੌਲਾਂ ਦੀ ਖ਼ਰੀਦ 'ਤੇ ਸਹਿਮਤੀ ਦਾ ਹੈ।

Narendra Modi shaking hands with Shi Jing Ping

ਚਿੰਗਦਾਓ ਭਾਰਤ ਅਤੇ ਚੀਨ ਨੇ ਅੱਜ ਦੋ ਮਹੱਤਵਪੂਰਨ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ 'ਚ ਇਕ ਭਾਰਤ ਨਾਲ ਗ਼ੈਰ-ਬਾਸਮਤੀ ਚੌਲਾਂ ਦੀ ਖ਼ਰੀਦ 'ਤੇ ਸਹਿਮਤੀ ਦਾ ਹੈ। ਦੂਜਾ ਸਮਝੌਤਾ ਹੜ੍ਹਾਂ ਦੇ ਮੌਸਮ 'ਚ ਬ੍ਰਹਮਪੁੱਤਰ ਨਦੀ 'ਚ ਜਲ-ਪ੍ਰਵਾਹ ਦੇ ਪੱਧਰ ਨਾਲ ਜੁੜੀਆਂ ਸੂਚਨਾਵਾਂ ਦੇ ਲੈਣ-ਦੇਣ ਦਾ ਕਰਾਰ ਹੈ। ਚੀਨ ਵਲੋਂ ਭਾਰਤ 'ਚੋਂ ਗ਼ੈਰ-ਬਾਸਮਤੀ ਚੌਲਾਂ ਦੇ ਆਯਾਤ ਕਰਨ ਨਾਲ ਵਪਾਰ ਨੂੰ ਸੰਤੁਲਿਤ ਕਰਨ 'ਚ ਕੁੱਝ ਹੱਦ ਤਕ ਮਦਦ ਮਿਲ ਸਕਦੀ ਹੈ। ਅਜੇ ਦੋਵੇਂ ਦੇਸ਼ਾਂ ਵਿਚਕਾਰ ਵਪਾਰ 'ਚ ਚੀਨ ਦਾ ਨਿਰਯਾਤ ਬਹੁਤ ਜ਼ਿਆਦਾ ਹੈ। 

ਮੋਦੀ ਐਸ.ਸੀ.ਓ. ਦੇ ਸਾਲਾਨਾ ਸੰਮੇਲਨ 'ਚ ਸ਼ਾਮਲ ਹੋਣ ਲਈ ਦੋ ਦਿਨਾਂ ਦੇ ਦੌਰੇ 'ਤੇ ਅੱਜ ਦੁਪਹਿਰ ਇੱਥੇ ਪੁੱਜੇ। ਚੀਨ ਵਲੋਂ ਆਯਾਤ ਕੀਤੇ ਜਾਣ ਵਾਲੇ ਗ਼ੈਰ-ਬਾਸਮਤੀ ਚੌਲਾਂ ਦੀ ਸਫ਼ਾਈ ਅਤੇ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਵਿਵਸਥਾ ਯਕੀਨੀ ਕਰਨ ਦੇ ਨਵੇਂ ਕਰਾਰ 'ਤੇ ਚੀਨ ਦੇ ਕਸਟਮ ਪ੍ਰਸ਼ਾਸਨ ਅਤੇ ਭਾਰਤ ਦੇ ਪਾਦਪ ਸੁਰੱਖਿਆ ਨਾਲ ਸਬੰਧਤ ਸਰਟੀਫ਼ੀਕੇਸ਼ਨ 'ਤੇ ਖੇਤੀ, ਸਹਿਤਾਕਰਿਤਾ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਹਸਤਾਖ਼ਰ ਕੀਤੇ ਗਏ ਹਨ।

ਇਸ ਹੇਠ ਭਾਰਤ ਪ੍ਰਮਾਣਿਤ ਗ਼ੈਰ-ਬਾਸਮਤੀ ਚੌਲਾਂ ਦਾ ਚੀਨ ਨੂੰ ਨਿਰਯਾਤ ਕਰ ਸਕੇਗਾ। ਚੀਨ ਦੁਨੀਆਂ ਦੇ ਸੱਭ ਤੋਂ ਵੱਡੇ ਚੌਲਾਂ ਦੇ ਬਾਜ਼ਾਰ 'ਚੋਂ ਇਕ ਹੈ।  ਅਜੇ ਤਕ ਭਾਰਤ ਸਿਰਫ਼ ਬਾਸਮਤੀ ਚੌਲ ਹੀ ਚੀਨ ਨੂੰ ਨਿਰਯਾਤ ਕਰਦਾ ਸੀ। ਇਸ ਲਈ ਪਾਦਪ ਉਤਪਾਦ ਸਵੱਛਤਾ ਬਾਬਤ ਪ੍ਰੋਟੋਕਾਲ 'ਤੇ 2006 'ਚ ਸਹਿਮਤੀ ਬਣੀ ਸੀ। ਦੋਹਾਂ ਦੇਸ਼ਾਂ ਵਿਚਕਾਰ ਇਸ ਪ੍ਰੋਟੋਕਾਲ 'ਚ ਸੋਧ ਕੀਤੀ ਗਈ ਹੈ ਜਿਸ ਤਹਿਤ ਹੁਣ ਭਾਰਤ ਗ਼ੈਰ-ਬਾਸਮਤੀ ਚੌਲ ਵੀ ਚੀਨ ਨੂੰ ਨਿਰਯਾਤ ਕਰ ਸਕੇਗਾ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਗਏ। ਇਸ ਬੈਠਕ ਦਾ ਉਦੇਸ਼ ਵੁਹਾਨ 'ਚ ਗ਼ੈਰਰਸਮੀ ਸਿਖਰ ਵਾਰਤਾ ਤੋਂ ਬਾਅਦ ਪੀਡੇ ਹੋ ਰਹੇ ਦੁਵੱਲੇ ਰਿਸ਼ਤਿਆਂ ਨੂੰ ਹੋਰ ਵਧਾਉਣਾ ਹੈ।

ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸ਼ਿਖਰ ਸੰਮੇਲਨ ਤੋਂ ਪਹਿਲਾਂ ਦੋਹਾਂ ਆਗੂਆਂ ਦੀ ਇਹ ਬੈਠਕ ਚੀਨ ਦੇ ਵੁਹਾਨ ਸ਼ਹਿਰ 'ਚ ਗ਼ੈਰਰਸਮੀ ਗੱਲਬਾਤ ਤੋਂ ਲਗਭਗ ਛੇ ਹਫ਼ਤਿਆਂ ਬਾਅਦ ਹੋਈ। ਇਸ ਗ਼ੈਰਰਸਮੀ ਗੱਲਬਾਤ ਦਾ ਉਦੇਸ਼ ਪਿਛੇ ਸਾਲ ਡੋਕਲਾਮ ਰੇੜਕੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਰਹੱਦੀ ਸੁਰੱਖਿਆ ਬਲਾਂ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਕਰਨਾ ਅਤੇ ਵੱਖੋ-ਵੱਖ ਖੇਤਰਾਂ 'ਚ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਸੀ।

ਬੈਠਕ ਤੋਂ ਪਹਿਲਾਂ ਦੋਹਾਂ ਆਗੂਆਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਫ਼ੋਟੋਗਰਾਫ਼ਰਾਂ ਨੂੰ ਤਸਵੀਰ ਲੈਣ ਦਾ ਮੌਕਾ ਦਿਤਾ। ਮੋਦੀ ਨੇ ਇਸ ਮੌਕੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਮਜ਼ਬੂਤ ਰਿਸ਼ਤੇ ਸ਼ਾਂਤੀਪੂਰਨ ਵਿਸ਼ਵ ਦੀ ਪ੍ਰੇਰਣਾ ਦੇ ਸਕਦੇ ਹਨ। ਉਨ੍ਹਾਂ ਵੁਹਾਨ 'ਚ ਸ਼ੀ ਨਾਲ ਹੋਈ ਗ਼ੈਰਰਸਮੀ ਗੱਲਬਾਤ ਨੂੰ ਵੀ ਯਾਦ ਕੀਤਾ। 

ਮੋਦੀ ਅਤੇ ਸ਼ੀ ਨੇ 27-28 ਅਪ੍ਰੈਲ ਨੂੰ ਵੁਹਾਨ ਗ਼ੈਰਰਸਮੀ ਗੱਲਬਾਤ 'ਚ ਕੀਤੇ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਤਰੱਕੀ ਦਾ ਜਾਇਜ਼ਾ ਵੀ ਲਿਆ। ਵੁਹਾਨ 'ਚ ਗੱਲਬਾਤ ਤੋਂ ਬਾਅਦ ਮੋਦੀ ਅਤੇ ਸ਼ੀ ਨੇ ਭਵਿੱਖ 'ਚ ਡੋਕਲਾਮ ਵਰਗੀ ਸਥਿਤੀ ਤੋਂ ਬਚਣ ਦੀਆਂ ਕੋਸ਼ਿਸ਼ਾਂ ਤਹਿਤ, ਭਰੋਸਾ ਅਤੇ ਵਿਸ਼ਵਾਸ ਪੈਦਾ ਕਰਨ ਲਈ ਸੰਵਾਦ ਮਜ਼ਬੂਤ ਕਰਨ ਲਈ ਅਪਣੀਆਂ ਫ਼ੌਜਾਂ ਨੂੰ 'ਰਣਨੀਤਕ ਹਦਾਇਤਾਂ' ਜਾਰੀ ਕਰਨ ਦਾ ਫ਼ੈਸਲਾ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੁਹਾਨ 'ਚ ਉਨ੍ਹਾਂ ਵਿਚਕਾਰ ਗ਼ੈਰਰਸਮੀ ਗੱਲਬਾਤ ਤੋਂ ਬਾਅਦ ਹੋਈ ਇਹ ਮੁਲਾਕਾਤ ਭਾਰਤ-ਚੀਨ ਦੋਸਤੀ ਨੂੰ ਹੋਰ ਮਜ਼ਬੂਤ ਕਰੇਗੀ। ਬੈਠਕ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ ਇਸ ਸਾਲ ਦੇ ਐਸ.ਸੀ.ਓ. ਦੇ ਮੇਜ਼ਬਾਨ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨਾਲ ਅੱਜ ਸ਼ਾਮ ਮੁਲਾਕਾਤ ਹੋਈ। ਅਸੀ ਦੁਵੱਲੇ ਅਤੇ ਕੋਮਾਂਤਰੀ ਮੁੱਦਿਆਂ ਬਾਰੇ ਵਿਸਤ੍ਰਿਤ ਚਰਚਾ ਕੀਤੀ। ਸਾਡੀ ਗੱਲਬਾਤ ਭਾਰਤ-ਚੀਨ ਦੋਸਤੀ ਨੂੰ ਨਵੀਂ ਤਾਕਤ ਦੇਵੇਗੀ। 

ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਨੇ ਮੋਦੀ ਵਲੋਂ ਭਾਰਤ 'ਚ ਵੁਹਾਨ ਵਰਗੀ ਗ਼ੈਰ-ਰਸਮੀ ਗੱਲਬਾਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਜੇ ਇਸ ਬੈਠਕ ਦੀ ਤਰੀਕ ਤੈਅ ਨਹੀਂ ਹੋਈ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਐਸ.ਸੀ.ਓ. ਦੇ ਜਨਰਲ ਸਕੱਤਰ ਰਾਸ਼ਿਦ ਅਲੀਮੋਵ ਨਾਲ ਵੀ ਮੁਲਾਕਾਤ ਕੀਤੀ। ਮੋਦੀ ਦੇ ਹੋਰ ਐਸ.ਸੀ.ਓ. ਦੇਸ਼ਾਂ ਦੇ ਆਗੂਆਂ ਨਾਲ ਲਗਭਗ ਅੱਧਾ ਦਰਜਨ ਦੁਵੱਲੀਆਂ ਬੈਠਕਾਂ ਕਰਨ ਦੀ ਉਮੀਦ ਹੈ।

ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਨੂੰ ਇਸ ਸੰਗਠਨ ਦਾ ਪੂਰਨ ਮੈਂਬਰ ਬਣਾਏ ਜਾਣ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਐਸ.ਸੀ.ਓ. ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ। ਐਸ.ਸੀ.ਓ. ਦਾ ਗਠਨ 2001 'ਚ ਸ਼ੰਘਾਈ 'ਚ ਇਕ ਸੰਮੇਲਨ 'ਚ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਨੇ ਕੀਤਾ ਸੀ।  (ਪੀਟੀਆਈ)