ਪ੍ਰਵਾਸੀ ਮਜ਼ਦੂਰਾਂ ਨੂੰ ਤਰਸੇ ਸਨਅਤੀ ਸ਼ਹਿਰਾਂ ਦੇ ਕਾਰਖ਼ਾਨੇ, ਨਹੀਂ ਮਿਲ ਰਹੇ ਲੋੜ ਮੁਤਾਬਕ ਕਾਮੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਰਖ਼ਾਨਿਆਂ ਦਾ ਕੰਮ ਹੋ ਰਿਹੈ ਬੁਰੀ ਤਰ੍ਹਾਂ ਪ੍ਰਭਾਵਿਤ

worker

ਮੁੰਬਈ : ਕਰੋਨਾ ਵਾਇਰਸ ਕਾਰਨ ਜਿੱਥੇ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਦਾ ਦਰਦ ਸਹਿਣਾ ਪੈ ਰਿਹਾ ਹੈ, ਉਥੇ ਹੀ ਹੁਣ ਮਜ਼ਦੂਰਾਂ ਦੀ ਅਣਹੋਂਦ ਨਾਲ ਕਾਰਖਾਨਿਆਂ ਦਾ ਕੰਮ ਵੀ ਬੂਰੀ ਤਰ੍ਹਾਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਪੂਰਨ ਤਾਲਾਬੰਦੀ ਤੋਂ ਬਾਅਦ ਭਾਵੇਂ ਸਰਕਾਰ ਨੇ ਕਾਰਖਾਨਿਆਂ ਨੂੰ ਸ਼ਰਤਾਂ ਸਹਿਤ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿਤੀ ਹੈ ਪਰ ਜ਼ਿਆਦਾਤਰ ਕਾਮੇ ਅਪਣੇ ਪਿਤਰੀ ਰਾਜਾਂ ਨੂੰ ਮੁੜ ਚੁੱਕੇ ਹਨ।

ਕਾਰਖ਼ਾਨਿਆਂ ਦੇ ਮਾਲਕਾਂ ਨੂੰ ਹੁਣ ਮਜ਼ਦੂਰਾਂ ਦੀ ਅਣਹੋਂਦ ਦਾ ਦਰਦ ਸਤਾਉਣ ਲੱਗ ਪਿਆ ਹੈ। ਇਸ ਦਾ ਜ਼ਿਆਦਾ ਅਸਰ ਸਨਅਤੀ ਸ਼ਹਿਰ  ਮੁੰਬਈ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਤਾਲਾਬੰਦੀ ਤੋਂ ਬਾਅਦ ਮਹਾਰਾਸ਼ਟਰ ਦੇ ਕਾਰਖ਼ਾਨੇ ਹੋਲੀ ਹੋਲੀ ਖੁਲ੍ਹਣੇ ਸ਼ੁਰੂ ਹੋ ਗਏ ਹਨ। ਸਨਅਤਕਾਰਾਂ ਨੇ ਕਾਰਖ਼ਾਨਿਆਂ ਅਤੇ ਫ਼ੈਕਟਰੀਆਂ ਅੰਦਰ ਸੋਸ਼ਲ ਡਿਸਟੈਂਸਿੰਗ, ਮਾਸਕ ਅਤੇ ਸੈਨਾਟਾਈਜ਼ਰ ਵਰਗੀਆਂ ਸਹੂਲਤਾਂ ਦਾ ਪ੍ਰਬੰਧ ਤਾਂ ਕਰ ਲਿਆ ਹੈ ਪਰ ਕਾਰਖ਼ਾਨਿਆਂ ਅੰਦਰ ਮਜ਼ਦੂਰਾਂ ਦੀ ਅਣਹੋਂਦ ਤੋਂ ਸਨਅਤਕਾਰ ਡਾਢੇ ਪ੍ਰੇਸ਼ਾਨ ਹਨ। ਇਸ ਕਾਰਨ ਜ਼ਿਆਦਾਤਰ ਸਨਅਤੀ ਅਦਾਰਿਆਂ ਅੰਦਰ ਚੁਪ ਪਸਰੀ ਹੋਈ ਹੈ।

ਮੁੰਬਈ ਸਥਿਤ ਇਕ ਉਦਯੋਗਿਕ ਇਕਾਈ ਦੇ ਮਾਲਕ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਜ਼ਦੂਰ ਅਪਣੇ ਪਿਤਰੀ ਸੂਬਿਆਂ ਵਿਚ ਪਰਤ ਚੁੱਕੇ ਹਨ। ਉਦਯੋਗਪਤੀ ਅਨੁਸਾਰ ਅਸੀਂ ਮਜ਼ਦੂਰਾਂ ਨੂੰ ਤਿੰਨ ਤਿੰਨ ਮਹੀਨੇ ਦੀ ਤਨਖ਼ਾਹ ਵੀ ਮੁਹੱਈਆ ਕਰਵਾ ਦਿਤੀ ਸੀ, ਪਰ ਉਹ ਬਹੁਤ ਡਰੇ ਹੋਏ ਸਨ।

ਹੁਣ ਜਦੋਂ ਮਜ਼ਦੂਰਾਂ ਨਾਲ ਫ਼ੋਨ 'ਤੇ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਭਾਵੇਂ ਵਾਪਸ ਆਉਣਾ ਚਾਹੁੰਦੇ ਹਨ ਪਰ ਕਰੋਨਾ ਦੇ ਡਰ ਕਾਰਨ ਉਹ ਵਾਪਸ ਨਹੀਂ ਆ ਰਹੇ। ਮਜਦੂਰਾਂ ਮੁਤਾਬਕ ਮੁੰਬਈ ਵਿਚ ਕਰੋਨਾ ਪੂਰੀ ਤਰ੍ਹਾਂ ਖ਼ਤਮ ਹੋਣ ਬਾਅਦ ਉਹ ਜ਼ਰੂਰ ਵਾਪਸ ਆਉਣਗੇ। ਇੰਨਾ ਹੀ ਨਹੀਂ, ਸਨਅਤਕਾਰ ਮਜਦੂਰਾਂ ਨੂੰ ਰੇਲਵੇ ਟਿਕਟ ਤੋਂ ਇਲਾਵਾ ਹੋਰ ਸਹੂਲਤਾਂ ਦੇਣ ਦਾ ਵਾਅਦਾ ਵੀ ਕਰ ਰਹੇ ਹਨ, ਇਸ ਦੇ ਬਾਵਜੂਦ ਮਜ਼ਦੂਰ ਅਜੇ ਵਾਪਸ ਪਰਤਣ ਲਈ ਤਿਆਰ ਨਹੀਂ ਹੋ ਰਹੇ।

ਮਜ਼ਦੂਰਾਂ ਬਗੈਰ ਹਾਲਤ ਅਜਿਹੇ ਬਣ ਗਏ ਹਨ ਕਿ 100 ਮਜਦੂਰਾਂ ਦੀ ਥਾਂ ਹੁਣ ਕੇਵਲ 10 ਜਾਂ ਇਸ ਤੋਂ ਕੁੱਝ ਵੱਧ ਮਜਦੂਰ ਹੀ ਕੰਮ ਚਲਾ ਰਹੇ ਹਨ। ਸਨਅਤਕਾਰਾਂ ਅਨੁਸਾਰ ਮਜ਼ਦੂਰਾਂ ਦੀ ਘਾਟ ਕਾਰਨ ਅਜੇ ਉਨ੍ਹਾਂ ਦਾ 10 ਤੋਂ 20 ਫ਼ੀ ਸਦੀ ਹੀ ਕੰਮ ਨੇਪਰੇ ਚੜ੍ਹ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ