ਪ੍ਰਾਈਵੇਟ ਲੈਬਾਰਟਰੀ ਦਾ ਕਾਰਾ, ਚੰਗੇ-ਭਲੇ 35 ਲੋਕਾਂ ਦੀ ਰਿਪੋਰਟ ਦਿਤੀ ਪਾਜ਼ੇਟਿਵ!
ਸਿਹਤ ਵਿਭਾਗ ਨੇ ਲੈਬਾਰਟਰੀਆਂ ਵਿਰੁਧ ਅਰੰਭੀ ਕਰਵਾਈ
ਨੋਇਡਾ : ਕਰੋਨਾ ਕਾਲ ਦੌਰਾਨ ਜਿੱਥੇ ਲੋਕਾਂ ਨੂੰ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਕਈ ਲਾਲਚੀ ਕਿਸਮ ਦੀਆਂ ਪ੍ਰਾਈਵੇਟ ਲੈਬਾਰਟਰੀਆਂ ਵਾਲਿਆਂ ਦੀ ਅਣਗਹਿਲੀ ਅਲੱਗ ਹੀ ਚੰਨ ਚੜ੍ਹਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਨੋਟਿਡਾ ਦੇ ਗੌਤਮ ਬੁੱਧ ਨਗਰ ਵਿਖੇ ਸਾਹਮਣੇ ਆਇਆ ਹੈ, ਜਿੱਥੇ ਇਕ ਪ੍ਰਾਈਵੇਟ ਲੈਬ ਨੇ ਅਪਣੀ ਰਿਪੋਰਟ ਵਿਚ 35 ਚੰਗੇ ਭਲੇ ਲੋਕਾਂ ਨੂੰ ਕਰੋਨਾ ਪੀੜਤ ਐਲਾਨ ਦਿਤਾ।
ਇੰਨਾ ਹੀ ਨਹੀਂ, ਲੈਬ ਦੀ ਇਸ ਕਰਤੂਤ ਕਾਰਨ ਇਨ੍ਹਾਂ ਲੋਕਾਂ ਨੂੰ ਕਰੋਨਾ ਤੋਂ ਪੀੜਤ ਲੋਕਾਂ ਵਿਚਾਲੇ ਰਹਿਣ ਲਈ ਮਜ਼ਬੂਰ ਵੀ ਹੋਣਾ ਪਿਆ ਹੈ। ਮਾਮਲੇ ਦੇ ਮੀਡੀਆ ਵਿਚ ਤੁਲ ਫੜਨ ਤੋਂ ਬਾਅਦ ਸਿਹਤ ਵਿਭਾਗ ਨੇ ਲੈਬਾਰਟੀ ਨੂੰ ਨੋਟਿਸ ਭੇਜ ਦਿਤਾ ਹੈ। ਗੌਤਮ ਬੁੱਧ ਨਗਰ ਦੇ ਮੁੱਖ ਮੈਡੀਕਲ ਅਫ਼ਸਰ ਦੀਪਕ ਓਹਰੀ ਮੁਤਾਬਕ ਕੁੱਝ ਲੋਕਾਂ ਦੇ ਸੈਂਪਲ ਇਕ ਪ੍ਰਾਈਵੇਟ ਲੈਬਾਰਟਰੀ ਵਿਚ ਟੈਸਟ ਲਈ ਭੇਜੇ ਗਏ ਸਨ।
ਇਸ ਲੈਬਾਰਟਰੀ ਨੇ ਅਪਣੀ ਰਿਪੋਰਟ ਵਿਚ ਇਨ੍ਹਾਂ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਦਰਸਾ ਦਿਤੀ। ਬਾਅਦ ਵਿਚ ਜਦੋਂ ਇਨ੍ਹਾਂ ਲੋਕਾਂ ਦੇ ਸੈਂਪਲਾਂ ਦੀ ਦੁਬਾਰਾ ਜਾਂਚ ਕੀਤੀ ਗਈ ਤਾਂ ਰਿਪੋਰਟ ਨੈਗੇਟਿਵ ਆ ਗਈ। ਇਸ ਤੋਂ ਬਾਅਦ ਇਨ੍ਹਾਂ ਸਾਰੇ ਲੋਕਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ।
ਮੁੱਖ ਮੈਡੀਕਲ ਅਫ਼ਸਰ ਅਨੁਸਾਰ ਇੱਥੇ ਕੁੱਝ ਪ੍ਰਾਈਵੇਟ ਲੈਬਾਰਟਰੀਆਂ ਹਨ, ਜੋ ਰਜਿਸਟਰਡ ਨਹੀਂ ਹਨ। ਇਨ੍ਹਾਂ ਵਲੋਂ ਲੋਕਾਂ ਦੇ ਸੈਂਪਲ ਇਕੱਤਰ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਜੋ ਦਰੁਸਤ ਨਹੀਂ। ਅਜਿਹੇ ਹੀ ਇਕ ਨੌਜਵਾਨ ਨੇ ਮੋਟਰਸਾਈਕਲ ਤੋਂ ਕਰੋਨਾ ਦਾ ਸੈਂਪਲ ਲਿਆ ਸੀ, ਜਿਸ ਤੋਂ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਐਲਟੀ ਰਜਿਸਟਰ ਨਹੀਂ ਸੀ।
ਇਸ ਕਾਰਨ ਉਸ ਖਿਲਾਫ਼ ਐਫ.ਆਈ.ਆਰ. ਵੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਲੈਬਾਰਟੀਆਂ ਨੂੰ ਨੋਟਿਸ ਭੇਜ ਦਿਤਾ ਗਿਆ ਹੈ। ਸਿਹਤ ਵਿਭਾਗ ਨੇ ਅਜਿਹੀਆਂ ਲੈਬਾਰਟੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਖਿਲਾਫ਼ ਸਖ਼ਤ ਕਰਵਾਈ ਦੀ ਮੁਹਿੰਮ ਵਿੱਢ ਦਿਤੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ