ਕੋਰੋਨਾ : ਅਨਾਥ ਬੱਚਿਆਂ ਨੂੰ ਮਦਦ ਦੇਣ ਤੋਂ ਪਹਿਲਾਂ ਅਧਿਕਾਰੀ ਮੰਗ ਰਹੇ ਦਸਤਾਵੇਜ਼ ਪਰ ਬੱਚੇ ਅਸਮਰੱਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ‘ਚ ਕੋਰੋਨਾ ਸੰਕਟ ਦੌਰਾਨ ਬਹੁਤ ਸਾਰੇ ਬੱਚਿਆਂ ਦੇ ਮਾਤਾ-ਪਿਤਾ ਆਪਣੀ ਜਾਨ ਤੋਂ ਹੱਥ ਧੋ ਬੈਠੇ। ਸਰਕਾਰਾਂ ਨੇ ਇਹਨਾਂ ਬੱਚਿਆਂ ਲਈ ਕਈ ਯੋਜਨਾਵਾਂ ਦੇ ਐਲਾਨ ਕੀਤੇ ਹਨ।

government to help orphans affected by corona

ਨਵੀਂ ਦਿੱਲੀ: ਇਸ ਸਾਲ ਦੇਸ਼ ‘ਚ ਕੋਰੋਨਾ (Coronavirus) ਸੰਕਟ ਦੌਰਾਨ ਬਹੁਤ ਸਾਰੇ ਬੱਚਿਆਂ ਦੇ ਮਾਤਾ-ਪਿਤਾ ਆਪਣੀ ਜਾਨ ਤੋਂ ਹੱਥ ਧੋ ਬੈਠੇ। ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਬੇਸਹਾਰਾ ਬੱਚਿਆਂ ਦੀ ਦੇਖਭਾਲ ਕੋਣ ਕਰੇਗਾ? ਹਾਲਾਂਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਇਹਨਾਂ ਬੱਚਿਆਂ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼ ਅਤੇ ਜਾਣਕਾਰੀਆਂ ਵੀ ਰਾਜ ਸਰਕਾਰਾਂ ਵਲੋਂ ਦੱਸੀਆਂ ਗਈਆਂ ਹਨ। ਪਰ ਯੋਜਨਾਵਾਂ ਦਾ ਲਾਭ ਲੈਣ ਲਈ ਇਹਨੇ ਦਸਤਾਵੇਜ਼ ਮਾਸੂਮ ਬੱਚੇ ਕਿਥੋਂ ਇਕੱਠੇ ਕਰਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਯੋਜਨਾਵਾਂ ਦਾ ਲਾਭ ਉਨ੍ਹਾਂ ਦੇ ਅਸਲੀ ਹੱਕਦਾਰਾਂ ਤੱਕ ਪਹੁੰਚੇਗਾ ਜਾਂ ਨਹੀਂ।

ਇਹ ਵੀ ਪੜ੍ਹੋ-ਪੰਜਾਬ : ਕੋਲਡ ਸਟੋਰ 'ਚ ਰਿਹਾ Fateh kit ਬਣਾਉਣ ਦਾ ਕੰਮ

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮੀਸ਼ਨ (National Commission for Protection of Child Rights) ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੋਰੋਨਾ ਦੇ ਚੱਲਦਿਆਂ ਪੁਰੇ ਦੇਸ਼ ‘ਚ 30,071 ਬੱਚੇ ਬੇਸਹਾਰਾ ਹੋ ਗਏ। ਇਨ੍ਹਾਂ ਵਿੱਚੋਂ 26,176 ਬੱਚਿਆਂ ਨੇ ਆਪਣੇ ਮਾਂ-ਪਿਓ ‘ਚੋਂ ਕਿਸੇ ਇੱਕ ਨੂੰ ਗੁਆ ਦਿੱਤਾ ਅਤੇ 3,621 ਬੱਚੇ ਯਤੀਮ ਹੋ ਗਏ। ਇਸਦੇ ਨਾਲ ਹੀ 274 ਬੱਚੇ ਉਹ ਵੀ ਹਨ, ਜਿਨ੍ਹਾਂ ਨੂੰ ਰਿਸ਼ਤੇਦਾਰਾਂ ਵਲੋਂ ਵੀ ਛੱਡ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ‘ਚ ਸਭ ਤੋਂ ਜ਼ਿਆਦਾ ਬੱਚੇ ਅਨਾਥ ਹੋਏ ਹਨ।

ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ

ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ‘ਪੀਐਮ ਕੇਅਰਜ਼ ਫਾਰ ਚਿਲਡਰਨ ਸਕੀਮ’ (PM Cares for Children Scheme) ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਕੀਮ ਤਹਿਤ 12ਵੀਂ ਤੱਕ ਦੀ ਪੜ੍ਹਾਈ ਦੇ ਖਰਚੇ ਦੇ ਨਾਲ ਉੱਚ ਸਿਖਿਆ ਲਈ ਲਿਆ ਗਿਆ ਲੋਨ ਦਾ ਵਿਆਜ ਸਰਕਾਰ ਭਰੇਗੀ। 18 ਤੋਂ 23 ਸਾਲ ਤੱਕ ਹਰ ਮਹੀਨੇ ਵਿੱਤੀ ਮਦਦ ਅਤੇ 23 ਸਾਲ ਦੀ ਉਮਰ ਹੋਣ ’ਤੇ 10 ਲੱਖ ਦੀ ਇਕਮੁਸ਼ਤ ਰਾਸ਼ੀ ਦਿੱਤੀ ਜਾਵੇਗੀ। ਨਾਲ ਹੀ 5 ਲੱਖ ਦਾ ਸਿਹਤ ਬੀਮਾ, ਜਿਸਦਾ ਪਰੀਮੀਅਮ ਸਰਕਾਰ ਅਦਾ ਕਰੇਗੀ।

ਇਸਦੇ ਚੱਲਦਿਆਂ ਰਾਜ ਸਰਕਾਰਾਂ ਵਲੋਂ ਵੀ ਕਈ ਯੋਜਨਾਵਾਂ ਐਲਾਨੀਆਂ ਗਈਆਂ ਹਨ। ਮੱਧ ਪ੍ਰਦੇਸ਼ ਦੀ ‘ਮੁੱਖ ਮੰਤਰੀ ਬਾਲ ਸੇਵਾ ਸਕੀਮ’ ਤਹਿਤ ਬੱਚਿਆਂ ਨੂੰ ਹਰ ਮਹੀਨੇ 5000 ਰੁਪਏ ਦੀ ਵਿੱਤੀ ਮਦਦ ਦੇ ਨਾਲ 12ਵੀਂ ਤੱਕ ਦੀ ਮੁਫ਼ਤ ਪੜ੍ਹਾਈ ਅਤੇ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ। ਦਿੱਲੀ ਸਰਕਾਰ ਨੇ ਕੋਰੋਨਾ ਨਾਲ ਜੁੜੇ ਕਈ ਵੱਡੇ ਐਲਾਨ ਕੀਤੇ, ਜਿਨ੍ਹਾਂ ਤਹਿਤ ਯਤੀਮ ਹੋਏ ਬੱਚਿਆਂ ਨੂੰ ਹਰ ਮਹੀਨੇ 2500 ਰੁਪਏ ਦੀ ਮਦਦ ਅਤੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਕਰੇਗੀ। ਜ਼ਰੂਰਤਮੰਦ ਨੂੰ ਹਰ ਮਹੀਨੇ 10 ਕਿਲੋ ਮੁਫ਼ਤ ਰਾਸ਼ਨ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਹੋਰ ਪੜ੍ਹੋ: ਹੁਣ ਇਟਲੀ ਵਿਚ ਬੱਚੇ ਸਿੱਖਣਗੇ ਪੰਜਾਬੀ, ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਖੁੱਲ੍ਹਿਆ ਸਕੂਲ

ਰਾਜਸਥਾਨ ਸਰਕਾਰ ਨੇ ਵੀ ਆਪਣੀ ਇਕ ਪੁਰਾਣੀ ਸਕੀਮ ‘ਪਾਲਣਹਾਰ ਯੋਜਨਾ’ ਵਿੱਚ ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਸ਼ਾਮਲ ਕਰ ਲਿਆ ਹੈ। ਇਸ ਵਿੱਚ ਬੱਚੇ ਦਾ ਪਾਲਣ-ਪੋਸ਼ਣ ਕਰਨ ਵਾਲੇ ਨੂੰ ਪੰਜ ਸਾਲ ਦੀ ਉਮਰ ਤੱਕ ਹਰ ਮਹੀਨੇ 500 ਰੁਪਏ, ਬੱਚੇ ਦੇ ਸਕੂਲ ‘ਚ ਦਾਖਲ ਹੋਣ ’ਤੇ 18 ਸਾਲ ਤੱਕ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਅਤੇ ਕਪੜੇ, ਜੁੱਤੀਆਂ ਆਦਿ ਜ਼ਰੂਰੀ ਚੀਜ਼ਾਂ ਲਈ ਹਰ ਸਾਲ 2000 ਰੁਪਏ ਦਿੱਤੇ ਜਾਣਗੇ। ਬਿਹਾਰ ਸਰਕਾਰ ਦੀ ‘ਮੁੱਖ ਮੰਤਰੀ ਬਾਲ ਸਹਾਇਤਾ ਸਕੀਮ’ ਤਹਿਤ ਯਤੀਮ ਬੱਚਿਆਂ ਨੂੰ 18 ਸਾਲ ਦੇ ਹੋਣ ਤੱਕ 1500 ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਜਿਨ੍ਹਾਂ ਦਾ ਕੋਈ ਸਰਪ੍ਰਸਤ ਨਹੀਂ ਹੈ ਉਨ੍ਹਾਂ ਦੀ ਦੇਖਭਾਲ ਬਾਲਘਰ ਵਿੱਚ ਕੀਤੀ ਜਾਵੇਗੀ ਅਤੇ ਦਾਖਲਾ ਕਸਤੁਰਬਾ ਗਾਂਧੀ ਬਾਲਿਕਾ ਵਿਦਿਆਲਿਆ ਵਿੱਚ ਕੀਤਾ ਜਾਵੇਗਾ।